Punjab News: ਬਰਨਾਲਾ ਦੇ ਪਿੰਡ ਗੁਰਮ ਵਿੱਚ ਵਿਆਹੁਤਾ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਲੜਕੀ ਦੀ ਲਾਸ਼ ਘਰ ਵਿੱਚ ਪੱਖੇ ਨਾਲ ਲਟਕੀ ਹੋਈ ਮਿਲੀ ਹੈ। ਮ੍ਰਿਤਕ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਢਾਈ ਸਾਲ ਦੀ ਬੇਟੀ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਸਹੁਰੇ ਪਰਿਵਾਰ ਉੱਤੇ ਤਸ਼ਦੱਦ ਕਰਨ ਦੇ ਇਲਜ਼ਾਮ ਲਾਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਸੱਸ ਤੇ ਸਹੁਰੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।


ਇਸ ਮੌਕੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਤੇ ਸਾਡੇ ਆਉਣ ਤੋਂ ਪਹਿਲਾਂ ਹੀ ਲੜਕੀ ਦੀ ਲਾਸ਼ ਨੂੰ ਉਸ ਦੇ ਸਹੁਰਿਆਂ ਨੇ ਪੱਖੇ ਤੋਂ ਹੇਠਾਂ ਉਤਾਰ ਲਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।


ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਵਿਆਹ ਤੋਂ ਬਾਅਦ ਤੋਂ ਹੀ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਾਜ ਲਈ ਲੜਕੀ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ। 2 ਸਾਲ ਬਾਅਦ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ ਅਤੇ ਬੇਟੀ ਦੇ ਜਨਮ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਹੋਰ ਤੰਗ ਕਰਨ ਲੱਗ ਗਏ। ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਹੋਈਆਂ ਜਿਸ ਦੌਰਾਨ ਹੁਣ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।


ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕੋਈ ਵੀ ਮੌਜੂਦ ਨਹੀਂ ਸੀ। ਲੜਕੀ ਦੇ ਸਹੁਰੇ ਪਰਿਵਾਰ ਵਾਲੇ ਸਮਾਗਮ ਵਿੱਚ ਗਏ ਹੋਏ ਸਨ ਜਦਕਿ ਮ੍ਰਿਤਕ ਲੜਕੀ ਦਾ ਪਤੀ ਘਰ ਨੂੰ ਰੰਗ ਰੋਗਨ ਕਰਵਾ ਰਿਹਾ ਸੀ। ਇਸੇ ਦੌਰਾਨ ਲੜਕੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਘਰ ਵਿੱਚ ਲੜਾਈ-ਝਗੜੇ ਆਦਿ ਦਾ ਮਾਹੌਲ ਨਹੀਂ ਸੀ।


ਇਸ ਸਬੰਧੀ ਥਾਣਾ ਠੁੱਲੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਗੁਰਮ ਦਾ ਹੈ। ਪਿੰਡ ਦੀ ਹੀ ਵਿਆਹੁਤਾ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਹੈ। ਇਸ ਲੜਕੀ ਦਾ ਵਿਆਹ 2019 ਵਿੱਚ ਪਿੰਡ ਗੁਰਮ ਦੇ ਗੁਰਜੰਟ ਸਿੰਘ ਨਾਲ ਹੋਇਆ ਸੀ। ਉਸਦੀ ਇੱਕ ਛੋਟੀ ਕੁੜੀ ਹੈ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਬੀਤੇ ਦਿਨ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦਰਜ ਕਰਕੇ ਲੜਕੀ ਦੇ ਸਹੁਰੇ ਮੇਜਰ ਸਿੰਘ, ਸੱਸ ਮਨਜੀਤ ਕੌਰ ਅਤੇ ਪਤੀ ਗੁਰਜੰਟ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ