ਦਿੱਲੀ ਇੱਕ ਵਾਰ ਫਿਰ ਸ਼ਰਮਸਾਰ, 12 ਸਾਲਾ ਮਾਸੂਮ ਨਾਲ ਬਲਾਤਕਾਰ ਮਗਰੋਂ ਜਾਨੋਂ ਮਾਰਨ ਦੀ ਕੋਸ਼ਿਸ਼
ਏਬੀਪੀ ਸਾਂਝਾ | 05 Aug 2020 05:20 PM (IST)
ਰਾਜਧਾਨੀ ਦਿੱਲੀ 'ਚ 12 ਸਾਲਾ ਦੀ ਨਾਬਾਲਗ ਨਾਲ ਬਲਾਤਕਾਰ ਕਰ ਜਾਨੋਂ ਮਾਰਨ ਦੀ ਕੋਸ਼ਿਸ਼।
ਸੰਕੇਤਕ ਤਸਵੀਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਇੱਕ 12 ਸਾਲਾ ਮਾਸੂਮ ਨਾਲ ਬੇਰਹਿਮੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਵਾਨਾਂ ਨੇ ਉਸ ਮਾਸੂਮੀਅਤ ਨਾਲ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। 12 ਸਾਲਾਂ ਦੀ ਬੱਚੀ ਹੁਣ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦਰਮਿਆਨ ਜੰਗ ਲੜ ਰਹੀ ਹੈ। ਦਿਲ ਦਹਿਲਾਉਣ ਵਾਲੀ ਇਹ ਘਟਨਾ ਰਾਜਧਾਨੀ ਦਿੱਲੀ ਦੇ ਪਾਛਿਮ ਵਿਹਾਰ ਖੇਤਰ ਦੀ ਹੈ। ਦਰਅਸਲ, ਮੰਗਲਵਾਰ ਦੀ ਸ਼ਾਮ ਨੂੰ ਪੁਲਿਸ ਨੇ ਇੱਕ 12 ਸਾਲ ਦੀ ਮਾਸੂਮ ਲੜਕੀ ਨੂੰ ਖੂਨ ਨਾਲ ਭਿੱਜੇ ਹਾਲਤ ਵਿੱਚ ਆਊਟਰ ਦਿੱਲੀ ਦੇ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕਰਵਾਇਆ। ਲੜਕੀ ਬੁਰੀ ਤਰ੍ਹਾਂ ਜ਼ਖਮੀ ਸੀ। ਉਸ ਦੇ ਸਾਰੇ ਸਰੀਰ 'ਤੇ ਜ਼ਖਮ ਸਨ। ਇੰਜ ਜਾਪਦਾ ਸੀ ਜਿਵੇਂ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਿਆ ਗਿਆ ਹੋਵੇ। ਸੰਜੇ ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਪੀੜਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਏਮਜ਼ ਰੈਫ਼ਰ ਕਰ ਦਿੱਤਾ। ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ, ਪਰ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਪੋਕਸੋ ਐਕਟ ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਕੀ ਦੀ ਇਹ ਹਾਲਤ ਕਿਸ ਨੇ ਕੀਤੀ ਹੈ। ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਲੜਕੀ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਘਰ ਵਿੱਚ ਇਕੱਲੀ ਸੀ। ਇਸ ਘਟਨਾ ਨੇ ਇਕ ਵਾਰ ਫਿਰ ਦਿੱਲੀ ਨੂੰ ਸ਼ਰਮਿੰਦਾ ਕੀਤਾ ਹੈ।