ਚੰਡੀਗੜ੍ਹ: ਬਾਉਂਸਰ ਤੋਂ ਫਾਇਨਾਂਸਰ ਬਣੇ ਸੁਰਜੀਤ ਦੀ ਸੋਮਵਾਰ ਰਾਤ ਦੋ ਬਾਈਕ ਸਵਾਰਾਂ ਵੱਲੋਂ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰਜੀਤ ਦੀ ਛਾਤੀ ਵਿੱਚ ਤਿੰਨ ਗੋਲੀਆਂ, ਇੱਕ ਮੱਥੇ ਤੇ ਇੱਕ ਗਰਦਨ 'ਤੇ ਲੱਗੀ। ਕੁੱਲ 7 ਰਾਉਂਡ ਫਾਇਰ ਕੀਤੇ ਗਏ ਹਨ। ਗੋਲੀ ਲੱਗਣ ਕਾਰਨ ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਦਾਖਲ ਕਰਵਾਇਆ ਗਿਆ ਸੀ, ਪਰ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦੇਰ ਰਾਤ ਤੱਕ ਪੁਲਿਸ ਹਮਲਾਵਰਾਂ ਦਾ ਸੁਰਾਗ ਇਕੱਠਾ ਨਹੀਂ ਕਰ ਸਕੀ। ਕਤਲ ਕਿਉਂ ਹੋਇਆ ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਸੁਰਜੀਤ ਦਾ ਨਾਂ ਮੀਤ ਕਤਲ ਕੇਸ ਵਿੱਚ ਸਾਹਮਣੇ ਆਇਆ ਸੀ। ਪੁਲਿਸ ਹੁਣ ਮੰਨ ਰਹੀ ਹੈ ਕਿ ਕਤਲ ਇਸ ਕੇਸ ਨਾਲ ਸਬੰਧਤ ਹੋ ਸਕਦਾ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਪੈਸੇ ਦੇ ਲੈਣ ਦੇਣ ਕਰਕੇ ਸੁਰਜੀਤ ਦੀ ਹੱਤਿਆ ਕਰ ਦਿੱਤੀ ਹੋਵੇ।
ਸੁਰਜੀਤ ਸੈਕਟਰ 22 ਵਿੱਚ ਫਾਇਨਾਂਸ ਦਾ ਕੰਮ ਕਰਦਾ ਹੈ। ਸੁਰਜੀਤ ਇਸ ਸਮੇਂ ਸੈਕਟਰ-38 ਵਿੱਚ ਕਿਰਾਏ 'ਤੇ ਰਹਿੰਦਾ ਸੀ। ਘਰ ਵਿੱਚ ਇੱਕ ਬੇਟਾ ਤੇ ਪਤਨੀ ਹੈ। ਸੁਰਜੀਤ ਪਹਿਲਾਂ ਬਾਉਂਸਰਾਂ ਦੀ ਸਾਲਿਡ ਮੈਨ ਪਾਵਰ ਨਾਮ ਦੀ ਕੰਪਨੀ ਚਲਾਉਂਦਾ ਸੀ।
ਸੁਰਜੀਤ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਕਿਸੇ ਕੰਮ ਲਈ ਆਪਣੀ ਕਾਰ 'ਚ ਜਾ ਰਿਹਾ ਸੀ। ਜਦੋਂ ਉਹ ਸੈਕਟਰ -38 ਸਮਾਲ ਚੌਕ 'ਤੇ ਪਹੁੰਚਿਆ ਤਾਂ ਉਸ ਨੂੰ ਦੋ ਬਾਈਕ ਸਵਾਰਾਂ ਨੇ ਰੋਕ ਲਿਆ ਅਤੇ ਕਾਰ' ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।