ਮੋਗਾ: ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਕਤਲ ਦੇ ਕੇਸ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। 16 ਮਾਰਚ, 2021 ਨੂੰ ਜ਼ੀਰਾ ਰੋਡ ਮੋਗਾ ਦੇ ਨਿਊ ਸੋਢੀ ਨਗਰ ਵਿੱਚ 75 ਸਾਲਾ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ। ਚੋਰੀ ਦੇ ਉਦੇਸ਼ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਗਲਾ ਘੁਟ ਕੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ, "16 ਮਾਰਚ 2021 ਨੂੰ 75 ਸਾਲ ਸੁਸ਼ੀਲ ਕੁਮਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪੁਲਿਸ ਨੇ ਥਾਣਾ ਸਿਟੀ ਵਿੱਚ IPC ਦੀ ਧਾਰਾ 302 ਤਹਿਤ ਐਫਆਈਆਰ ਦਰਜ ਕਰ ਲਈ।

ਪੁਲਿਸ ਨੇ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਕਿ ਕਤਲ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕੁਲਵੰਤ ਸਿੰਘ ਨੇ ਕੀਤਾ ਹੈ ਜੋ ਪੇਸ਼ੇ ਤੋਂ ਪੇਂਟਰ ਹੈ ਤੇ ਉਹ ਵੀ ਉਸੇ ਗਲੀ ਵਿੱਚ ਰਹਿੰਦਾ ਹੈ ਜਿੱਥੇ ਸੁਸ਼ੀਲ ਕੁਮਾਰੀ ਰਹਿੰਦੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਚੋਰੀ ਦੀ ਨੀਅਤ ਨਾਲ ਕਤਲ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਸੁਸ਼ੀਲ ਕੁਮਾਰੀ ਆਪਣੇ ਘਰ ਇਕੱਲੀ ਹੈ।

ਉਹ ਇਸ ਗੱਲ ਤੋਂ ਵੀ ਵਾਕਫ ਸੀ ਕਿ ਸੁਸ਼ੀਲ ਕੁਮਾਰੀ ਰਿਟਾਇਰਡ ਨਰਸ ਸੀ। ਉਸ ਦੇ ਘਰ ਕਾਫ਼ੀ ਪੈਸਾ ਹੁੰਦਾ ਸੀ ਕਿਉਂਕਿ ਉਹ ਸਮੇਂ ਸਮੇਂ ਉੱਤੇ ਉਸ ਤੋਂ ਪੈਸੇ ਉਧਾਰ ਲੈਂਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ 15 ਮਾਰਚ 2021 ਨੂੰ ਸਵੇਰੇ 5 ਵਜੇ ਦੇ ਕਰੀਬ ਉਹ ਮ੍ਰਿਤਕ ਦੇ ਘਰ ਦਾਖਲ ਹੋਇਆ। ਇਸ ਦੌਰਾਨ ਮਹਿਲਾ ਨੇ ਉਸ ਨੂੰ ਵੇਖ ਲਿਆ ਅਤੇ ਰੌਲਾ ਪਾਉਣ ਲੱਗੀ। ਇਸ ਦੌਰਾਨ ਮੁਲਜ਼ਮ ਨੇ ਮਹਿਲਾ ਦਾ ਉਸ ਦੇ ਦੁਪੱਟੇ ਨਾਲ ਗਲਾ ਘੁੱਟ ਦਿੱਤਾ ਤੇ ਉਸ ਦਾ ਮੋਬਾਈਲ ਫੋਨ ਤੇ 500 ਰੁਪਏ ਲੈ ਕੇ ਫਰਾਰ ਹੋ ਗਿਆ।