ਪੁਣੇ: Ola ਦੇ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਪੁਣੇ 'ਚ ਕੰਪਨੀ ਦੇ ਪ੍ਰੀਮੀਅਮ ਮਾਡਲ S1 Pro ਸਕੂਟਰ 'ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ Ola S1 Pro ਧੂੰਏਂ ਨਾਲ ਸੜ ਰਿਹਾ ਹੈ।



ਕੰਪਨੀ ਨੇ ਕੀਤੀ ਘਟਨਾ ਦੀ ਪੁਸ਼ਟੀ
ਦੂਜੇ ਪਾਸੇ ਓਲਾ ਨੇ ਅੱਗ ਲੱਗਣ ਦੀ ਘਟਨਾ ਬਾਰੇ ਕਿਹਾ ਕਿ ਇਸ ਦੀ ਸੂਚਨਾ ਮਿਲੀ ਹੈ। ਕੰਪਨੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਹਾਲਾਂਕਿ ਕੰਪਨੀ ਨੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਹੈ ਕਿ ਸਕੂਟਰ ਸਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਲਿਥੀਅਮ ਆਇਨ ਬੈਟਰੀ ਦੇ ਨੁਕਸਾਨ ਜਾਂ ਸ਼ਾਰਟ-ਸਰਕਟ ਕਾਰਨ ਹੋਇਆ ਹੋਵੇਗਾ।

ਪਾਣੀ ਨਾਲ ਅੱਗ ਬੁਝਾਉਣਾ ਸੰਭਵ ਨਹੀਂ
ਲਿਥੀਅਮ ਆਇਨ ਬੈਟਰੀ ਦੀ ਅੱਗ ਨੂੰ ਪਾਣੀ ਨਾਲ ਬੁਝਾਉਣਾ ਸੰਭਵ ਨਹੀਂ ਹੈ। H2O ਦੇ ਸੰਪਰਕ 'ਚ ਆਉਣ 'ਤੇ ਹਾਈਡ੍ਰੋਜਨ ਗੈਸ ਤੇ ਲਿਥੀਅਮ-ਹਾਈਡ੍ਰੋਕਸਾਈਡ ਪੈਦਾ ਕਰਦਾ ਹੈ। ਓਲਾ ਨੇ ਜਿੱਥੇ ਇਕ ਪੂਰੀ ਤਰ੍ਹਾਂ ਸੁਰੱਖਿਅਤ ਇਲੈਕਟ੍ਰਿਕ ਸਕੂਟਰ ਦਾ ਪ੍ਰਚਾਰ ਕੀਤਾ ਸੀ, ਉੱਥੇ ਅਜਿਹੀ ਘਟਨਾ ਨੇ ਗਾਹਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਬੱਚਿਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਫ਼ਿਕਰਮੰਦ ਰਹਿੰਦੇ ਹਨ। ਦਰਅਸਲ ਬੱਚੇ ਇਸ ਸਕੂਟਰ 'ਚ ਮੋਬਾਈਲ ਚਾਰਜਿੰਗ ਤੋਂ ਲੈ ਕੇ ਕਈ ਫੀਚਰਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਖ਼ਤਰਾ ਵਧ ਜਾਂਦਾ ਹੈ।

ਗਾਹਕਾਂ ਨੇ ਦਰਜ ਕਰਵਾਈ ਸ਼ਿਕਾਇਤ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਹਕਾਂ ਨੂੰ ਓਲਾ ਸਕੂਟਰਾਂ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਓਲਾ ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ ਲੈਣ ਤੋਂ ਬਾਅਦ ਕੁਝ ਗਾਹਕਾਂ ਨੇ ਇੱਕ ਜਨਤਕ ਫ਼ੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਗਾਹਕਾਂ ਅਨੁਸਾਰ ਉਨ੍ਹਾਂ ਨੂੰ ਡਿਲੀਵਰ ਕੀਤੇ ਸਕੂਟਰ ਦੇ ਕੁਝ ਹਿੱਸਿਆਂ 'ਤੇ ਡੈਂਟ ਮਿਲੇ ਹਨ। ਕਈ ਗਾਹਕਾਂ ਨੇ ਕਈ ਥਾਵਾਂ 'ਤੇ ਆਪਣੇ ਸਕੂਟਰ 'ਚ ਤਰੇੜਾਂ ਆਉਣ ਦੀ ਸ਼ਿਕਾਇਤ ਕੀਤੀ ਸੀ। ਕੁਝ ਗਾਹਕਾਂ ਨੇ ਇਸ ਦੀ ਬੀਮਾ ਪਾਲਿਸੀ 'ਤੇ ਵੀ ਸਵਾਲ ਚੁੱਕੇ ਹਨ।

ਦਾਅਵੇ ਮੁਤਾਬਕ ਰੇਂਜ 'ਚ ਵੱਡਾ ਅੰਤਰ
ਜਦੋਂ ਓਲਾ ਨੇ ਪਿਛਲੇ ਸਾਲ ਅਗਸਤ 'ਚ S1 ਅਤੇ S1 Pro ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਸਨ ਤਾਂ ਸਕੂਟਰ ਦੀ ਮੁੱਖ ਵਿਸ਼ੇਸ਼ਤਾ ਇਸ ਦੀ ਰੇਂਜ ਸੀ। ਓਲਾ ਨੇ ਕਿਹਾ ਕਿ S1 Pro ਦੀ ARAI ਪ੍ਰਮਾਣਿਤ ਰੇਂਜ 181 ਕਿਲੋਮੀਟਰ ਹੈ। ਹਾਲਾਂਕਿ ਰਿਅਲ ਵਰਲਡ ਰੇਂਜ ਦੇ ਅੰਕੜੇ ਇਸ ਤੋਂ ਘੱਟ ਦੱਸੇ ਜਾ ਰਹੇ ਹਨ। ਗਾਹਕਾਂ ਦੀ ਸ਼ਿਕਾਇਤ ਹੈ ਕਿ ਸਕੂਟਰ 135 ਕਿਲੋਮੀਟਰ ਤੱਕ ਦੀ ਰੇਂਜ ਦੇ ਰਿਹਾ ਹੈ।

Ola S1 ਨੂੰ ਅਪਗ੍ਰੇਡ ਕਰਕੇ ਦੇਵੇਗੀ ਕੰਪਨੀ
ਓਲਾ ਸਕੂਟਰ ਦੀ ਲੰਮੇ ਸਮੇਂ ਤੋਂ ਉਡੀਕ ਸੀ। ਇਸ ਦੇ ਨਾਲ ਹੀ Ola S1 ਤੇ S1 Pro ਇਲੈਕਟ੍ਰਿਕ ਸਕੂਟਰ ਗਾਹਕਾਂ ਦੇ ਘਰ ਡਿਲੀਵਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਕੂਟਰ ਮਿਲਣ ਤੋਂ ਬਾਅਦ ਕਈ ਲੋਕਾਂ ਨੇ S1 ਸਕੂਟਰ ਦੀ ਕੁਆਲਿਟੀ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਕੰਪਨੀ ਦਾ ਅਕਸ ਖ਼ਰਾਬ ਹੁੰਦੇ ਵੇਖ ਕੰਪਨੀ ਨੇ ਗਾਹਕਾਂ ਲਈ ਅਪਗ੍ਰੇਡ ਆਫ਼ਰ (upgrade offer) ਪੇਸ਼ ਕੀਤਾ ਹੈ। ਇਸ ਤਹਿਤ Ola S1 ਗਾਹਕ ਬਗੈਰ ਕਿਸੇ ਵਾਧੂ ਚਾਰਜ ਆਪਣੇ ਸਕੂਟਰਾਂ ਨੂੰ S1 Pro 'ਚ ਅਪਗ੍ਰੇਡ ਕਰ ਸਕਦੇ ਹਨ।