ਲੁਧਿਆਣਾ : ਲੁਧਿਆਣਾ 'ਚ ਸ਼ੁੱਕਰਵਾਰ ਰਾਤ ਨੂੰ ਫਿਰੋਜ਼ਪੁਰ ਰੋਡ 'ਤੇ ਭਾਈ ਬਾਲਾ ਚੌਕ ਨੇੜੇ ਇਕ ਨਿੱਜੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਲਾਸ਼ ਵਾਸ਼ਰੂਮ 'ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਪਰ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਭਿੰਦਾ ਨੇ ਕਰੀਬ 10 ਸਾਲ ਵੱਖ-ਵੱਖ ਬੈਂਕਾਂ 'ਚ ਬਤੌਰ ਸੁਰੱਖਿਆ ਕਰਮਚਾਰੀ ਕੰਮ ਕੀਤਾ ਸੀ। ਉਹ ਲੰਬੇ ਸਮੇਂ ਤੋਂ ਇਸ ਬੈਂਕ ਵਿੱਚ ਤਾਇਨਾਤ ਸੀ। ਭੁਪਿੰਦਰ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਕੁਝ ਦਿਨ ਪਹਿਲਾਂ ਹੀ ਉਸ ਦਾ ਲੜਕਾ 12ਵੀਂ ਜਮਾਤ ਵਿੱਚ ਪਾਸ ਹੋਇਆ ਸੀ।
ਜਿਸ ਸਮੇਂ ਇਹ ਹਾਦਸਾ ਵਾਪਰਿਆ ,ਉਸ ਸਮੇਂ ਬੈਂਕ ਦਾ ਕੁੱਝ ਸਟਾਫ਼ ਮੌਜੂਦ ਸੀ। ਉਸ ਤੋਂ ਕੁਝ ਸਮਾਂ ਪਹਿਲਾਂ ਉਕਤ ਸੁਰੱਖਿਆ ਕਰਮਚਾਰੀ ਵਾਸ਼ਰੂਮ ਗਿਆ ਸੀ। ਜਦੋਂ ਕਰੀਬ ਅੱਧਾ ਘੰਟਾ ਉਹ ਬਾਹਰ ਨਾ ਆਇਆ ਅਤੇ ਬੈਂਕ 'ਚ ਕਿਤੇ ਨਜ਼ਰ ਨਾ ਆਇਆ ਤਾਂ ਬੈਂਕ ਮੁਲਾਜ਼ਮਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਜਦੋਂ ਬੈਂਕ ਮੁਲਾਜ਼ਮਾਂ ਨੇ ਫ਼ੋਨ ਕੀਤਾ ਤਾਂ ਬੈਂਕ ਦੇ ਇੱਕ ਕਰਮਚਾਰੀ ਨੇ ਵਾਸ਼ਰੂਮ ਵਿੱਚੋਂ ਫੋਨ ਦੀ ਘੰਟੀ ਵੱਜਣ ਦੀ ਆਵਾਜ਼ ਸੁਣੀ। ਕਰਮਚਾਰੀਆਂ ਨੇ ਵਾਸ਼ਰੂਮ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਅਤੇ ਦਰਵਾਜ਼ੇ ਦੇ ਹੇਠਾਂ ਖੂਨ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਅਤੇ ਏਸੀਪੀ ਹਰੀਸ਼ ਬਹਿਲ ਮੌਕੇ ’ਤੇ ਪਹੁੰਚ ਗਏ। ਹਰੀਸ਼ ਬਹਿਲ ਨੇ ਦੱਸਿਆ ਕਿ ਭੁਪਿੰਦਰ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।