ਨਵੀਂ ਦਿੱਲੀ: ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ (Akshardham Metro Station) ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਡੀਸੀਪੀ ਮੈਟਰੋ (DCP Metro) ਜਤਿੰਦਰ ਮਨੀ ਅਨੁਸਾਰ, ਮ੍ਰਿਤਕਾ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕੰਮ ਕਰਦੀ ਸੀ ਤੇ ਹਾਲ ਹੀ ਵਿੱਚ ਉਸ ਨੇ ਨੌਕਰੀ ਛੱਡ ਦਿੱਤੀ ਸੀ।


ਡੀਐਸਪੀ ਮੈਟਰੋ ਨੇ ਦੱਸਿਆ ਕਿ ਲੜਕੀ ਦੀ ਉਮਰ ਕਰੀਬ 25 ਸਾਲ ਸੀ। ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰਨ ਤੋਂ ਬਾਅਦ ਚਾਦਰ ਰਾਹੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਛਾਲ ਮਾਰਨ ਤੋਂ ਬਾਅਦ ਉਸ ਦਾ ਸਰੀਰ ਜ਼ਮੀਨ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਸ ਦੇ ਸਰੀਰ 'ਚ ਕਈ ਫਰੈਕਚਰ ਹੋ ਗਏ।

ਜਤਿੰਦਰ ਮਨੀ ਨੇ ਦੱਸਿਆ ਕਿ ਫਿਲਹਾਲ ਛਾਲ ਮਾਰਨ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ। ਲੜਕੀ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪਹਿਲਾਂ ਉਹ ਗੁਰੂਗ੍ਰਾਮ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ। ਨੌਕਰੀ ਛੱਡਣ ਤੋਂ ਬਾਅਦ ਉਹ ਫਿਲਹਾਲ ਕਿਤੇ ਵੀ ਕੰਮ ਨਹੀਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸ ਕਾਰਨ ਉਸ ਨੇ ਛਾਲ ਮਾਰੀ ਤੇ ਕਿਹੜੀ ਮਜਬੂਰੀ ਸੀ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

ਦੱਸ ਦੇਈਏ ਕਿ ਲੜਕੀ ਨੇ ਵੀਰਵਾਰ ਸਵੇਰੇ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ। ਘਟਨਾ ਦੌਰਾਨ ਚਾਦਰ ਦੇ ਨਾਲ ਖੜ੍ਹੇ ਜਵਾਨਾਂ ਨੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸੱਟ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਲੜਕੀ ਨੂੰ ਸਵੇਰੇ 7.28 ਵਜੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ 'ਤੇ ਚੜ੍ਹਦੇ ਦੇਖਿਆ ਗਿਆ। ਉਸ ਨੂੰ ਮੈਟਰੋ ਸਟੇਸ਼ਨ ਦੀ ਛੱਤ 'ਤੇ ਦੇਖ ਕੇ ਸਾਰੇ CISF ਜਵਾਨ ਹੈਰਾਨ ਰਹਿ ਗਏ ਅਤੇ ਉਸ ਨੂੰ ਛਾਲ ਨਾ ਮਾਰਨ ਦੀ ਅਪੀਲ ਕਰ ਰਹੇ ਸਨ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੜਕੀ ਨੇ ਛੱਤ ਤੋਂ ਛਾਲ ਮਾਰ ਦਿੱਤੀ।

ਜਦੋਂ ਲੜਕੀ ਨੇ ਛਾਲ ਮਾਰੀ ਤਾਂ ਸੀਆਈਐਸਐਫ ਦੇ ਕੁਝ ਮੁਲਾਜ਼ਮ ਹੇਠਾਂ ਚਾਦਰ ਲੈ ਕੇ ਖੜ੍ਹੇ ਸਨ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਜੇਕਰ ਕੁੜੀ ਛਾਲ ਮਾਰਦੀ ਹੈ ਤਾਂ ਉਸ ਨੂੰ ਫੜ ਲਿਆ ਜਾਵੇਗਾ ਪਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਲਾਲ ਬਹਾਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।