ਚੰਡੀਗੜ੍ਹ : ਕਣਕ ਦੇ ਸੁੰਗੜੇ ਦਾਣਿਆਂ ਲਈ ਛੋਟ ਨੂੰ ਲੈ ਕੇ ਹੁਣ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਦੇ ਫੈਸਲੇ ਵੱਲ ਹਨ। ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਨੇ ਪੰਜਾਬ ਦੇ ਦਰਜਨਾਂ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ। ਅੱਜ ਸਾਂਝੀ ਟੀਮ ਕਣਕ ਦੀ ਗੁਣਵੱਤਾ ਦੀ ਜਾਂਚ ਕਰੇਗੀ। ਇਸ ਸਾਂਝੀ ਟੀਮ ਵਿੱਚ ਕੇਂਦਰੀ ਖ਼ੁਰਾਕ ਮੰਤਰਾਲੇ, ਐਫਸੀਆਈ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਹਨ।



ਸੂਤਰਾਂ ਮੁਤਾਬਕ ਕੇਂਦਰੀ ਟੀਮਾਂ ਸ਼ਨਿੱਚਰਵਾਰ ਨੂੰ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਦੇ ਸਕਦੀਆਂ ਹਨ ਜਿਸ ਮਗਰੋਂ ਕਣਕ ਦੀ ਵਿਕਰੀ ਲਈ ਸੁੰਗੜੇ ਦਾਣੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਇਸ ਬਾਰੇ ਖ਼ੁਰਾਕ ਤੇ ਸਪਲਾਈ ਵਿਭਾਗ, ਪੰਜਾਬ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਟੀਮਾਂ ਨੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ। ਅੱਜ ਇਨ੍ਹਾਂ ਟੀਮਾਂ ਨੇ ਨਮੂਨਿਆਂ ਦੀ ਜਾਂਚ ਕਰਨੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੋਮਵਾਰ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਮਾਪਦੰਡਾਂ ਵਿਚ ਛੋਟ ਬਾਰੇ ਫ਼ੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਨੂੰ ਟੀਮਾਂ ਆਪਣੀ ਰਿਪੋਰਟ ਦੇ ਦੇਣਗੀਆਂ।

ਹਾਸਲ ਜਾਣਕਾਰੀ ਅਨੁਸਾਰ ਖ਼ੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਨੇ ਵੀਰਵਾਰ ਨੂੰ ਪੂਰਾ ਦਿਨ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕੀਤਾ। ਕਣਕ ਦੇ ਨਮੂਨੇ ਵੀ ਭਰੇ ਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ। ਕੇਂਦਰੀ ਟੀਮ ਨੇ ਜ਼ਿਲ੍ਹਾ ਜਲੰਧਰ ਦੀ ਅਪਰਾ ਮੰਡੀ, ਫਿਲੌਰ, ਗੁਰਾਇਆ, ਨੂਰਮਹਿਲ, ਮਹਿਤਪੁਰ ਆਦਿ ਦਾ ਦੌਰਾ ਕੀਤਾ ਤੇ ਇਸੇ ਤਰ੍ਹਾਂ ਨਾਭਾ, ਖੰਨਾ, ਪਟਿਆਲਾ, ਸਮਾਣਾ ਅਤੇ ਸੰਗਰੂਰ ਮੰਡੀ ਦਾ ਵੀ ਦੌਰਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਨੇ ਮੋਰਿੰਡਾ, ਬੇਲਾ ਤੋਂ ਇਲਾਵਾ ਲੁਧਿਆਣਾ ਅਤੇ ਮੋਗਾ ਦੀਆਂ ਮੰਡੀਆਂ ’ਚੋਂ ਵੀ ਨਮੂਨੇ ਲਏ ਹਨ। ਫ਼ਰੀਦਕੋਟ ਤੇ ਬਠਿੰਡਾ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਵੀ ਕੀਤਾ ਗਿਆ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ’ਤੇ ਕੁਦਰਤੀ ਮਾਰ ਪਈ ਹੈ ਜਿਸ ਕਰਕੇ ਨਿਯਮਾਂ ਵਿਚ ਛੋਟ ਦਿੱਤੀ ਜਾਵੇ। ਦੂਜੇ ਪਾਸੇ ਕਿਸਾਨ ਧਿਰਾਂ ਨੇ ਵੀ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਅਵੇਸਲੀ ਹੋਈ ਤਾਂ ਉਹ ਸੰਘਰਸ਼ ਵਿੱਢਣਗੇ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਕੇਂਦਰ ਨੇ ਮਾਪਦੰਡਾਂ ’ਚ ਛੋਟ ਨਾ ਦਿੱਤੀ ਤਾਂ ਉਹ ਰੇਲਾਂ ਰੋਕਣ ਲਈ ਮਜਬੂਰ ਹੋਣਗੇ।