ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab News: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਹੀ ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਆ ਰਹੀਆਂ ਹਨ ਕਿ ਮਾਨ ਸਰਕਾਰ ਦਾ ਰਿਮੋਟ ਦਿੱਲੀ ਦੇ ਹੱਥਾਂ 'ਚ ਹੈ। ਵਿਰੋਧੀ ਧਿਰ ਨੇ ਇੱਕ ਵਾਰ ਫਿਰ ਇਹੀ ਸਵਾਲ ਉਠਾਉਂਦਿਆਂ ਦਿੱਲੀ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਲੈ ਕੇ ਮਾਨ ਸਰਕਾਰ ਦੀ ਆਲੋਚਨਾ ਕੀਤੀ ਸੀ। ਹੁਣ ਭਗਵਾਨ ਮਾਨ ਨੇ ਇਨ੍ਹਾਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਆਪਣੇ ਹੁਨਰ ਤੇ ਮੁਹਾਰਤ ਹਾਸਲ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਜ਼ਰਾਈਲ ਵੀ ਭੇਜਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ, "ਅਫ਼ਸਰ ਸਿਖਲਾਈ ਲਈ ਗੁਜਰਾਤ ਤੇ ਤਾਮਿਲਨਾਡੂ ਜਾਂਦੇ ਸੀ, ਫਿਰ ਉਹ ਚੰਗੀਆਂ ਚੀਜ਼ਾਂ ਸਿੱਖਣ ਲਈ ਦਿੱਲੀ ਕਿਉਂ ਨਹੀਂ ਜਾ ਸਕਦੇ? ਜੇਕਰ ਲੋੜ ਪਈ ਤਾਂ ਅਸੀਂ ਉਨ੍ਹਾਂ ਨੂੰ ਇਜ਼ਰਾਈਲ ਵੀ ਭੇਜਾਂਗੇ।" ਮਾਨ ਨੇ ਅੱਗੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਂਧਰਾ ਪ੍ਰਦੇਸ਼, ਦਿੱਲੀ ਤੇ ਹੋਰ ਥਾਵਾਂ 'ਤੇ ਵੀ ਭੇਜੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਸਕੂਲ ਦੇਖਣ ਲਈ ਦਿੱਲੀ ਆਈ ਸੀ, ਤਾਂ ਫਿਰ ਪੰਜਾਬ ਦੇ ਅਧਿਕਾਰੀ ਦੂਜੇ ਸੂਬਿਆਂ ਤੋਂ ਟ੍ਰੇਨਿੰਗ ਕਿਉਂ ਨਹੀਂ ਲੈ ਸਕਦੇ?"
ਦੱਸ ਦਈਏ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਸੂਬੇ ਦੇ ਮੁੱਖ ਸਕੱਤਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਮੁਖੀ ਤੇ ਪੰਜਾਬ ਬਿਜਲੀ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਮਾਨ ਇਸ ਮੀਟਿੰਗ ਦੌਰਾਨ ਹਾਜ਼ਰ ਨਹੀਂ ਸੀ, ਜਿਸ ਦੌਰਾਨ 'ਆਪ' ਵੱਲੋਂ ਪੰਜਾਬ ਦੇ ਵੋਟਰਾਂ ਨਾਲ ਕੀਤੇ 300 ਯੂਨਿਟ ਮੁਫ਼ਤ ਬਿਜਲੀ ਸਮੇਤ ਚੋਣ ਤੋਂ ਪਹਿਲਾਂ ਕੀਤੇ ਵਾਅਦਿਆਂ 'ਤੇ ਚਰਚਾ ਕੀਤੀ ਗਈ ਸੀ। ਇਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਨੇ ਪੰਜਾਬ ਆਪ ਸਰਕਾਰ 'ਤੇ ਨਿਸ਼ਾਨੇ ਸਾਧੇ ਤੇ ਕਿਹਾ ਸੀ ਕਿ ਮਾਨ ਸਰਕਾਰ ਦਾ ਰਿਮੋਟ ਦਿੱਲੀ ਦੇ ਹੱਥਾਂ 'ਚ ਹੈ।
ਇਹ ਵੀ ਪੜ੍ਹੋ: Delhi Corona Update: ਪ੍ਰਾਈਵੇਟ ਸਕੂਲ 'ਚ 5 ਵਿਦਿਆਰਥੀ ਤੇ ਸਟਾਫ਼ ਕੋਰੋਨਾ ਪੌਜ਼ੇਟਿਵ