ਬਠਿੰਡਾ: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਹਨੂੰਮਾਨ ਚੌਕ ਸਥਿਤ ਹੋਟਲ ਫਾਈਵ ਰਿਵਰਜ਼ ਵਿੱਚ 42 ਲੱਖ ਰੁਪਏ ਦੀ ਲੁੱਟ ਦੀ ਘਟਨਾ ਵਾਪਰੀ। ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 4:30 ਵਜੇ ਦੀ ਦੱਸੀ ਜਾ ਰਹੀ ਹੈ। ਇਹ ਇਲਜ਼ਾਮ ਪੁਲਿਸ ਦੀ ਵਰਦੀ 'ਚ ਦੋ ਵਿਅਕਤੀਆਂ 'ਤੇ ਲੱਗੇ ਹਨ। ਹਾਸਲ ਜਾਣਕਾਰੀ ਮੁਤਾਬਕ ਲੁਟੇਰਿਆਂ ਦੇ ਨਾਲ ਸਿਵਲ ਡਰੈੱਸ ਵਿੱਚ ਦੋ ਹੋਰ ਵਿਅਕਤੀ ਵੀ ਸੀ। ਇਹ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਪਟਿਆਲਾ ਵਾਸੀ ਗੁਰਪ੍ਰੀਤ ਸਿੰਘ, ਫਰੀਦਕੋਟ ਵਾਸੀ ਵਰਿੰਦਰ ਸਿੰਘ ਅਤੇ ਲੁਧਿਆਣਾ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਹੋਟਲ ਦੇ ਕਮਰੇ ਨੰਬਰ 203 ਅਤੇ 204 ਵਿੱਚ ਠਹਿਰੇ ਹੋਏ ਸੀ। ਉਨ੍ਹਾਂ ਕੋਲ 42 ਲੱਖ ਰੁਪਏ ਸੀ, ਜੋ ਉਨ੍ਹਾਂ ਨੇ ਜੈਪੁਰ ਦੇ ਇੱਕ ਵਿਅਕਤੀ ਨੂੰ ਦੇਣੇ ਸੀ। ਪਰ ਰਾਤ ਨੂੰ ਚਾਰ ਵਿਅਕਤੀ ਆਏ, ਜਿਨ੍ਹਾਂ ਚੋਂ 2 ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਹ ਉਨ੍ਹਾਂ ਤੋਂ ਪੈਸੇ ਲੈ ਕੇ ਦੋਵਾਂ ਨੂੰ ਆਪਣੇ ਨਾਲ ਲੈ ਗਏ। ਕੁਝ ਦੂਰ ਜਾਣ ਤੋਂ ਬਾਅਦ ਉਹ ਮਲੋਟ ਰੋਡ 'ਤੇ ਦੋਵਾਂ ਨੂੰ ਕਾਰ ਛੱਡ ਕੇ ਫ਼ਰਾਰ ਹੋ ਗਏ।
ਦੱਸ ਦਈਏ ਕਿ ਇਸ ਲੁੱਟ ਕਰਕੇ ਪੁਲਿਸ ਹੋਟਲ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਹਾਲਾਂਕਿ ਦੋਸ਼ੀ ਸੀਸੀਟੀਵੀ 'ਚ ਸਾਫ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਦੇ ਚਿਹਰਿਆਂ ਦੀ ਪਛਾਣ ਨਹੀਂ ਹੋ ਰਹੀ। ਕਿੰਨੇ ਪੈਸੇ ਸੀ, ਇਸ ਦੀ ਵੀ ਅਜੇ ਪੁਸ਼ਟੀ ਨਹੀਂ ਹੋ ਸਕੀ ਪਰ ਦੋਵੇਂ ਨੌਜਵਾਨਾਂ ਨੇ ਰਕਮ 42 ਲੱਖ ਰੁਪਏ ਦੱਸੇ। ਉਧਰ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਅਤੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜ ਲਿਆ ਜਾਵੇਗਾ।