Coal Shotage: ਪੰਜਾਬ ਦੇ ਥਰਮਲ ਪਲਾਂਟਾਂ 'ਚ ਕੋਲੇ ਦਾ ਸੰਕਟ ਜਾਰੀ ਹੈ। ਸ਼ੁੱਕਰਵਾਰ ਨੂੰ ਥਰਮਲ ਪਲਾਂਟ ਵਿੱਚ ਸਿਰਫ਼ 2 ਤੋਂ 16 ਦਿਨ ਦਾ ਕੋਲਾ ਬਚਿਆ ਹੈ, ਜਦੋਂ ਕਿ ਗੋਇੰਦਵਾਲ ਥਰਮਲ ਪਲਾਂਟ ਕੋਲਾ ਖ਼ਤਮ ਹੋਣ ਕਾਰਨ ਪਹਿਲਾਂ ਹੀ ਬੰਦ ਪਿਆ ਹੈ। ਦੱਸ ਦੇਈਏ ਕਿ ਥਰਮਲ ਪਲਾਂਟ 'ਚ 17 ਦਿਨਾਂ ਦਾ ਕੋਲਾ ਰਿਜ਼ਰਵ ਰੱਖਣਾ ਜ਼ਰੂਰੀ ਹੈ ਪਰ ਕੋਲੇ ਦੀਆਂ ਵਧਦੀਆਂ ਕੀਮਤਾਂ ਕਾਰਨ ਥਰਮਲ ਪਲਾਂਟ 'ਤੇ ਆਰਥਿਕ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ।


ਸ਼ੁੱਕਰਵਾਰ ਨੂੰ ਦੇਰ ਸ਼ਾਮ ਤੱਕ ਪੰਜਾਬ ਵਿੱਚ ਸਭ ਤੋਂ ਵੱਧ 7451 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਪਾਵਰਕੌਮ ਕੋਲ ਬਿਜਲੀ ਦੀ ਉਪਲਬਧਤਾ ਸਿਰਫ਼ 3829 ਮੈਗਾਵਾਟ ਹੀ ਰਹਿ। ਅਜਿਹੇ 'ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਕਰੀਬ 3400 ਮੈਗਾਵਾਟ ਬਿਜਲੀ ਬਾਹਰੋਂ ਮਹਿੰਗੇ ਭਾਅ ’ਤੇ ਖਰੀਦਣੀ ਪਈ, ਪਰ ਫਿਰ ਵੀ ਬਿਜਲੀ ਸਪਲਾਈ ਨਾ ਹੋਣ ਕਾਰਨ ਸ਼ੁੱਕਰਵਾਰ ਨੂੰ ਪਿੰਡਾਂ ਵਿੱਚ ਦੋ ਤੋਂ ਤਿੰਨ ਘੰਟੇ ਦਾ ਬਿਜਲੀ ਕੱਟ ਲੱਗਿਆ।


ਦੱਸ ਦਈਏ ਕਿ ਸ਼ੁੱਕਰਵਾਰ ਨੂੰ ਰੋਪੜ ਥਰਮਲ ਪਲਾਂਟ ਵਿੱਚ 9, ਲਹਿਰਾ ਮੁਹੱਬਤ ਵਿੱਚ ਛੇ, ਰਾਜਪੁਰਾ ਵਿੱਚ 16, ਤਲਵੰਡੀ ਸਾਬੋ ਵਿੱਚ ਸਿਰਫ਼ ਦੋ ਦਿਨ ਕੋਲਾ ਬਚਿਆ। ਕੋਲੇ ਦੀ ਘਾਟ ਕਾਰਨ ਸ਼ੁੱਕਰਵਾਰ ਨੂੰ ਰੋਪੜ ਦੇ ਦੋ, ਲਹਿਰਾ ਦੇ ਦੋ, ਤਲਵੰਡੀ ਸਾਬੋ ਦੇ ਇੱਕ ਅਤੇ ਗੋਇੰਦਵਾਲ ਦੇ ਦੋਵੇਂ ਯੂਨਿਟ ਬੰਦ ਰਹੇ। ਇਸ ਤਰ੍ਹਾਂ ਸਰਕਾਰੀ ਅਤੇ ਨਿੱਜੀ ਖੇਤਰ ਦੇ ਪੰਜ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ਚੋਂ ਸੱਤ ਯੂਨਿਟ ਬੰਦ ਚੱਲ ਰਹੇ ਹਨ।


ਸੂਬੇ 'ਚ ਦਿਨ ਵੇਲੇ ਬਿਜਲੀ ਦੀ ਮੰਗ ਘੱਟ ਰਹੀ ਪਰ ਸ਼ਾਮ ਤੱਕ ਇਹ ਮੰਗ ਅਚਾਨਕ 7400 ਮੈਗਾਵਾਟ ਨੂੰ ਪਾਰ ਕਰ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਜਿਸ ਤਰ੍ਹਾਂ ਦਾ ਕੋਲੇ ਦਾ ਸੰਕਟ ਚੱਲ ਰਿਹਾ ਹੈ, ਉਸ ਮੁਤਾਬਕ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਵੱਡੀ ਘਾਟ ਹੋ ਸਕਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਪਾਸੇ ਮਹੰਗਾਈ ਦੀ ਮਾਰ ਅਤੇ ਫਿਰ ਮੌਸਮ ਦੀ ਕਹਿਰ ਅਜਿਹੇ 'ਚ ਕਿਸਾਨਾਂ ਦੀ ਮੁਸ਼ਕਿਲਾਂ ਹੱਲ ਸਰਕਾਰ ਕਿਵੇਂ ਕਰੇਗੀ ਇਹ ਵੇਖਣਾ ਰਹੇਗਾ।


ਇਹ ਵੀ ਪੜ੍ਹੋ: Ukraine Russia War: ਖਾਰਕਿਵ-ਲੁਹਾਂਸਕ-ਦੋਨੇਤੱਸਕ 'ਤੇ ਬੰਬਾਰੀ ਜਾਰੀ, ਜ਼ੇਲੇਂਸਕੀ ਨੇ ਕਿਹਾ- ਪੁਤਿਨ ਕਰ ਸਕਦੈ ਪ੍ਰਮਾਣੂ ਹਥਿਆਰਾਂ ਨਾਲ ਹਮਲਾ