ਸੰਗਰੂਰ: ਪੰਜਾਬ ਦਾ ਖਜ਼ਾਨਾ ਭਰਨ ਲਈ ਜਿਲ੍ਹਾ ਸੰਗਰੂਰ ਦੇ ਨੌਜਵਾਨ ਨੇ ਨਿਵੇਕਲੀ ਪਹਿਲ ਕੀਤੀ ਹੈ। ਹਲਕਾ ਲਹਿਰਾ ਦੇ ਪਿੰਡ ਰਾਏਧਰਾਣਾ ਦੇ ਨੌਜਵਾਨ ਅਤੇ ਅਗਾਂਹਵਧੂ ਕਿਸਾਨ ਮਨੀ ਕਲੇਰ ਨੇ ਨਿਵੇਕਲੀ ਪਹਿਲ ਕਰਦਿਆਂ ਹਰੇਕ ਸਾਲ ਮਾਨ ਸਰਕਾਰ ਦੇ ਖਜ਼ਾਨੇ ਵਿਚ ਇੱਕ ਲੱਖ ਰੁਪਏ ਪਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇਹ ਕੰਮ ਕਰਨ ਤਾਂ ਕਿ ਪੰਜਾਬ ਦਾ ਖਜ਼ਾਨਾ ਅਤੇ ਸਰਕਾਰ ਕਰਜ਼ਾ ਮੁਕਤ ਹੋ ਜਾਵੇ।
ਨੌਜਵਾਨ ਮਨੀ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਸਾਲ ਤੋਂ ਬਾਦਲ ਅਤੇ ਕੈਪਟਨ ਆਉਂਦੇ ਜਾਂਦੇ ਰਹੇ ਪਰ ਸਭ ਨੇ ਖ਼ਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ। ਜਿਸ ਕਰਕੇ ਪੰਜਾਬ ਸਿਰ ਤਿੱਨ ਲੱਖ ਕਰੋੜ ਦੇ ਕਰੀਬ ਕਰਜ਼ਾ ਹੈ, ਪਰ ਹੁਣ ਲੋਕਾਂ ਨੇ ਬਦਲ ਲਿਆਂਦਾ ਹੈ। ਸੂਬੇ ਦੇ ਬਸ਼ਿੰਦਿਆਂ ਨੂੰ ਆਸ ਹੈ ਕਿ ਇਹ ਮਾਨ ਸਰਕਾਰ ਇਮਾਨਦਾਰੀ ਦੀ ਲਛਮਣ ਰੇਖਾ ਵਿੱਚ ਰਹਿੰਦੇ ਹੋਏ ਪੰਜਾਬ ਨੂੰ ਜ਼ਰੂਰ ਕਰਜ਼ੇ ਦੀ ਦਲਦਲ ਚੋਂ ਕੱਢੇਗੀ। ਉਨ੍ਹਾਂ ਕਿਹਾ ਕਿ ਹਰੇਕ ਸਾਲ ਪਿੰਡਾਂ ਵਿੱਚ ਭੰਡਾਰੇ ਲਈ ਲੱਖਾਂ ਰੁਪਏ ਇਕੱਠੇ ਕਰਦੇ ਹਾਂ, ਪਰ ਜੇਕਰ ਇਹ ਪੈਸੇ ਸਰਕਾਰੀ ਖਜ਼ਾਨੇ ਵਿਚ ਪਾਏ ਜਾਣ ਤਾਂ ਸਰਕਾਰ ਕਰਜ਼ਾ ਰਹਿਤ ਹੋ ਸਕਦੀ ਹੈ। ਜਦੋਂ ਸਰਕਾਰ ਆਪਣੇ ਲਈ ਸਭ ਕੁਝ ਕਰਦੀ ਹੈ ਤਾਂ ਆਪਾਂ ਨੂੰ ਵੀ ਖ਼ਜ਼ਾਨਾ ਭਰਨ ਵਿੱਚ ਸਰਕਾਰ ਦੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਨੂੰ ਜ਼ਰੂਰ ਹੀ ਫਸਲੀ ਚੱਕਰਵਿਉ ਵਿੱਚੋਂ ਕੱਢੇਗੀ ਜਾਂ ਐੱਮਐੱਸਪੀ ਕਨੂੰਨ ਲਾਗੂ ਕਰਵਾਏਗੀ।
ਜ਼ਿਕਰਯੋਗ ਹੈ ਕਿ ਮਨੀ ਕਲੇਰ ਪਹਿਲਾਂ ਵੀ ਕਿਸਾਨੀ ਅੰਦੋਲਨ, ਸਕੂਲ 'ਚ ਕਮਰਾ ਬਣਾਉਣ ਤੋਂ ਇਲਾਵਾ ਪਿੰਡ ਦੇ ਸਕੂਲ ਵਿਚ ਇਕ ਪ੍ਰਾਈਵੇਟ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਤਨਖ਼ਾਹ ਦੇ ਰਿਹਾ ਹੈ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈ ਰਿਹਾ ਹੈ। ਜਿਸ ਦੀ ਪੂਰੇ ਇਲਾਕੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਹਨ।