School bus firing- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਬਦਮਾਸ਼ਾਂ ਨੇ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਉਤੇ ਫਾਇਰਿੰਗ ਕੀਤੀ ਹੈ। ਹਾਲਾਂਕਿ ਡਰਾਈਵਰ ਦੀ ਸਿਆਣਪ ਸਦਕਾ ਵਿਦਿਆਰਥੀਆਂ ਦੀ ਜਾਨ ਬਚ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਦੇਵਬੰਦ ਦੇ ਸਰਵੋਦਿਆ ਪਬਲਿਕ ਸਕੂਲ ਦੀ ਬੱਸ ਸ਼ਨੀਵਾਰ ਦੁਪਹਿਰ 1:10 ਵਜੇ ਸਕੂਲ ਦੇ 20 ਬੱਚਿਆਂ ਨੂੰ ਲੈ ਕੇ ਰਵਾਨਾ ਹੋਈ ਸੀ। ਇਹ ਬੱਸ ਦਿਵਾਲਹੇੜੀ ਪਿੰਡ ਦੇ ਬੱਚਿਆਂ ਨੂੰ ਛੱਡਣ ਜਾ ਰਹੀ ਸੀ। ਪਰ ਇਸ ਦੌਰਾਨ ਜਦੋਂ ਬੱਸ ਮਕਬਰਾ ਪਿੰਡ ਤੋਂ ਅੱਗੇ ਰਜਬਾਹਾ ਪਹੁੰਚੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਬੱਸ ਡਰਾਈਵਰ ਨੇ ਸਮਝਦਾਰੀ ਕਾਰਨ ਹੋਇਆ ਬਚਾਅ
ਕੁੱਲ 5 ਬਦਮਾਸ਼ਾਂ ਨੂੰ ਦੇਖ ਕੇ ਡਰਾਈਵਰ ਨੇ ਬੱਸ ਨਹੀਂ ਰੋਕੀ। ਡਰਾਈਵਰ ਨੂੰ ਪਹਿਲਾਂ ਹੀ ਸ਼ੱਕ ਹੋਇਆ ਅਤੇ ਉਸ ਨੇ ਬੱਸ ਰੋਕਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ‘ਚ ਆ ਕੇ ਬਦਮਾਸ਼ਾਂ ਨੇ ਹਵਾ ‘ਚ ਗੋਲੀਆਂ ਚਲਾ ਕੇ ਧਮਕਾਇਆ, ਪਰ ਬੱਸ ਡਰਾਈਵਰ ਨੇ ਸਮਝਦਾਰੀ ਤੋਂ ਕੰਮ ਲਿਆ ਅਤੇ ਬੱਸ ਦੀ ਰਫ਼ਤਾਰ ਤੇਜ਼ ਰੱਖੀ।
ਇਸ ਦੌਰਾਨ ਮੁਲਜ਼ਮਾਂ ਨੇ ਬੱਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰ ਡਰਾਈਵਰ ਨੇ ਬੱਸ ਨਹੀਂ ਰੋਕੀ। ਗੋਲੀਆਂ ਦੀ ਆਵਾਜ਼ ਸੁਣ ਕੇ ਦਹਿਸ਼ਤ ਫੈਲ ਗਈ। ਆਸ-ਪਾਸ ਮੌਜੂਦ ਲੋਕ ਵੀ ਮੌਕੇ ‘ਤੇ ਪਹੁੰਚ ਗਏ। ਹਾਲਾਂਕਿ ਬੱਸ ਤੇਜ਼ ਰਫਤਾਰ ‘ਚ ਜਾਂਦੀ ਦੇਖ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਹੁਣ ਇਸ ਹਾਦਸੇ ਤੋਂ ਬਾਅਦ ਹਲਚਲ ਮਚ ਗਈ ਹੈ। ਅਧਿਕਾਰੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਮਾਪਿਆਂ ਵੱਲੋਂ ਕਾਰਵਾਈ ਦੀ ਮੰਗ
ਇਸ ਹਮਲੇ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਇਕੱਠੇ ਹੋ ਕੇ ਥਾਣੇ ਪੁੱਜੇ ਅਤੇ ਪੁਲਿਸ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਦੇਵਬੰਦ ਦੇ ਸੀਓ ਅਸ਼ੋਕ ਸਿਸੋਦੀਆ ਨੇ ਦੱਸਿਆ ਕਿ ਸਕੂਲ ਬੱਸ ‘ਤੇ ਗੋਲੀਬਾਰੀ ਦੀ ਖ਼ਬਰ ਮਿਲੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਲੜਕੀ ਉਤੇ ਟਿੱਪਣੀ ਕਰਨ ਨਾਲ ਜੁੜਿਆ ਹੋਇਆ ਹੈ। ਪਰ ਫਿਲਹਾਲ ਕੁਝ ਕਹਿਣਾ ਠੀਕ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।