ਸੋਨੀਪਤ: ਹਰਿਆਣਾ ਦੇ ਸੋਨੀਪਤ 'ਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਵੇਦ ਪ੍ਰਕਾਸ਼ ਦੀ ਅਦਾਲਤ ਦੇ ਕੰਪਲੈਕਸ 'ਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਨੇ ਪਿੰਡ ਵਿੱਚ ਹੀ ਲੜਕੀ ਨਾਲ ਵਿਆਹ ਕਰਵਾਇਆ ਸੀ। ਲੜਕੀ ਕਨਿਕਾ ਦਾ ਜੁਲਾਈ 2021 'ਚ ਕਤਲ ਕਰ ਦਿੱਤਾ ਗਿਆ ਸੀ। ਵੇਦ ਨੇ ਖੁਦ ਆਪਣੀ ਪਤਨੀ ਦੇ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ।


ਹੁਣ ਸ਼ੁੱਕਰਵਾਰ ਨੂੰ ਉਹ ਪਤਨੀ ਦੇ ਕਤਲ ਦੇ ਮਾਮਲੇ 'ਚ ਗਵਾਹੀ 'ਤੇ ਆਇਆ ਸੀ, ਜਿੱਥੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਘਟਨਾ ਨੂੰ ਲੈ ਕੇ ਅਦਾਲਤੀ ਚੌਕ 'ਚ ਸਨਸਨੀ ਫੈਲ ਗਈ। ਪੁਲਿਸ ਨੇ ਵਾਰਦਾਤ ਮਗਰੋਂ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਪਰ ਕਾਤਲ ਫਰਾਰ ਹੋ ਗਏ। ਪੁਲਿਸ ਤੇ ਐਫਐਸਐਲ ਟੀਮਾਂ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ।


ਦੱਸ ਦਈਏ ਕਿ ਵੇਦ ਪ੍ਰਕਾਸ਼ ਕਨਿਕਾ ਦੇ ਕਤਲ ਕੇਸ ਦਾ ਮੁੱਖ ਗਵਾਹ ਸੀ ਤੇ ਅੱਜ ਜਦੋਂ ਉਹ ਅਦਾਲਤ ਵਿੱਚ ਗਵਾਹੀ ਦੇਣ ਆਇਆ ਤਾਂ ਚੈਂਬਰ ਨੰਬਰ 207 ਦੇ ਬਾਹਰ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਕਤਲ ਤੋਂ ਬਾਅਦ ਇੱਕ ਵਾਰ ਫਿਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਨੀਪਤ ਕੋਰਟ 'ਚ ਗੈਂਗ ਵਾਰ ਹੋ ਚੁੱਕੀ ਹੈ।


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਇੰਚਾਰਜ ਵਜ਼ੀਰ ਸਿੰਘ ਨੇ ਦੱਸਿਆ ਕਿ ਵੇਦ ਪ੍ਰਕਾਸ਼ ਦੀ ਅਦਾਲਤ ਦੇ ਅਹਾਤੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵੇਦ ਪ੍ਰਕਾਸ਼ ਨਾਲ ਕਨਿਕਾ ਦੇ ਵਿਆਹ ਤੋਂ ਬਾਅਦ ਕਨਿਕਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਪਿਤਾ ਵਿਜੇਪਾਲ ਤੇ ਉਸ ਦੇ ਸਾਥੀ ਨੇ ਕਨਿਕਾ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਇਸ ਪੂਰੇ ਮਾਮਲੇ ਵਿੱਚ ਵੇਦ ਪ੍ਰਕਾਸ਼ ਮੁੱਖ ਗਵਾਹ ਸੀ। ਪੁਲਿਸ ਨੇ ਪੂਰੇ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।


ਇਹ ਵੀ ਪੜ੍ਹੋ: Earnings from Youtube: YouTube ਤੋਂ ਹਰ ਮਹੀਨੇ ਹੋਵੇਗੀ ਬੰਪਰ ਕਮਾਈ, ਜਾਣੋ ਕੁਝ ਆਸਾਨ ਤਰੀਕੇ