ਨਵੀਂ ਦਿੱਲੀ: ਠੱਗੀ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਹ ਠੱਗ ਆਏ ਦਿਨ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਇੱਕ ਹੋਰ ਅਜਿਹਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਸੁਣਕੇ ਤੁਸੀਂ ਵੀ ਚੌਕੰਨੇ ਤਾਂ ਜਰੂਰ ਹੋ ਜਾਓਗੇ। ਦਿੱਲੀ ਪੁਲਿਸ ਵੱਲੋਂ ਇੱਕ ਅਜਿਹੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਏਅਰਪੋਰਟ ‘ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ ਤੇ ਵਿਦੇਸ਼ ਤੋਂ ਆਉਂਦੇ-ਜਾਂਦੇ ਯਾਤਰੀਆਂ ਨਾਲ ਠੱਗੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਸੀ।



ਸਟੂਡੈਂਟ ਬਣ ਕੇ ਲਾਉਂਦਾ ਸੀ ਫਲਾਈਟ ਛੁੱਟਣ ਦਾ ਬਹਾਨਾ


ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਪੁਲਿਸ ਵੱਲੋਂ ਦਿਨੇਸ਼ ਨਾਮ ਦਾ ਵਿਅਕਤੀ ਕਾਬੂ ਕੀਤਾ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਕ ਸਟੂਡੈਂਟ ਬਣ ਕੇ ਇਹ ਸ਼ਖਸ ਏਅਰਪੋਰਟ ‘ਤੇ ਫਲਾਈਟ ਛੁੱਟਣ ਦਾ ਬਹਾਨਾ ਬਣਾਉਂਦਾ ਸੀ ਤੇ ਲੋਕਾਂ ਕੋਲ ਝੂਠੀ ਕਹਾਣੀ ਬਣਾ ਕੇ ਰੋਣਾ ਰੋਂਦਾ ਸੀ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਸੀ ਤੇ ਬਾਅਦ ‘ਚ ਵਾਪਸ ਕਰਨ ਦੀ ਗੱਲ ਕਰਦਾ ਸੀ।

ਹੁਣ ਤੱਕ ਇਹ ਅਜਿਹੇ 100 ਦੇ ਕਰੀਬ ਯਾਤਰੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲਿਸ ਦਾ ਕਹਿਣਾ ਸੀ ਕਿ ਏਅਰਪੋਰਟ ‘ਤੇ ਆ ਕੇ ਇਹ ਵਿਅਕਤੀ ਕਿਸੇ ਪੈਸੇਂਜਰ ਨੂੰ ਆਪਣਾ ਨਿਸ਼ਾਨਾ ਚੁਣ ਲੈਂਦਾ ਸੀ ਤੇ ਬਾਅਦ ‘ਚ ਉਸ ਦੇ ਹੀ ਸਾਹਮਣੇ ਫਲਾਈਟ ਛੁੱਟਣ ਦਾ ਦਿਖਾਵਾ ਕਰ ਕੇ ਆਪਣੀ ਝੂਠੀ ਕਹਾਣੀ ਬਣਾਉਂਦਾ ਸੀ।

ਮੁਲਜ਼ਮ ਖਿਲਾਫ਼ ਪਹਿਲਾਂ ਵੀ ਦਰਜ ਕਈ ਮਾਮਲੇ 


ਹਾਸਲ ਜਾਣਕਾਰੀ ਮੁਤਾਬਕ, ਦਿੱਲੀ ਏਅਰਪੋਰਟ ਤੋਂ ਮੁਲਜ਼ਮ ਦਿਨੇਸ਼ ਨੇ ਇੱਕ ਸ਼ਖਸ ਤੋਂ 10 ਹਜ਼ਾਰ ਦਾ ਗੂਗਲ ਪੇਅ ਕਰਵਾਇਆ ਤੇ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਉਸ ਸ਼ਖਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸੀਸੀਟੀਵੀ ਦੇ ਆਧਾਰ ‘ਤੇ ਪੁਲਿਸ ਵੱਲੋਂ ਮੁਲਜ਼ ਦਿਨੇਸ਼ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਦਿਨੇਸ਼ ਖਿਲਾਫ ਵੱਖ-ਵੱਖ ਸ਼ਹਿਰਾਂ ‘ਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ।