ਨਵੀਂ ਦਿੱਲੀ: ਯੂਪੀ ਦੇ ਹਾਥਰਸ ਵਿੱਚ ਸਮੂਹਿਕ ਜਬਰ ਜਨਾਹ ਦੀ ਪੀੜਤ ਲੜਕੀ ਦੀ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। 19 ਸਾਲਾ ਲੜਕੀ ਨਾਲ 14 ਸਤੰਬਰ ਨੂੰ ਹਾਥਰਾਸ ਦੇ ਚਾਂਦਪਾ ਥਾਣਾ ਖੇਤਰ ਦੇ ਇੱਕ ਪਿੰਡ 'ਚ ਦਰਿੰਦਗੀ ਵਾਪਰੀ ਸੀ। ਪੀੜਤ ਪਿਛਲੇ ਦੋ ਹਫ਼ਤਿਆਂ ਤੋਂ ਜੇਐਨ ਮੈਡੀਕਲ ਕਾਲਜ, ਅਲੀਗੜ੍ਹ ਵਿੱਚ ਦਾਖਲ ਸੀ। ਜਦੋਂ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਤਾਂ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੀੜਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਇਰਾਦਾ ਕਤਲ ਨਾਲ ਹਮਲਾ ਵੀ ਕੀਤਾ ਗਿਆ। ਇਸ ਘਟਨਾ ਤੋਂ ਬਾਅਦ, ਸੈਲੀਬ੍ਰੀਟੀਜ਼ ਤੋਂ ਲੈ ਕੇ ਵਿਰੋਧੀ ਧਿਰ ਤੱਕ ਹਰ ਕੋਈ ਗੁੱਸੇ ਵਿੱਚ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪੁਲਿਸ ਦੀ ਕਾਰਵਾਈ 'ਤੇ ਸ਼ੁਰੂਆਤ 'ਚ ਸਵਾਲ ਵੀ ਚੁੱਕੇ ਗਏ ਸੀ। ਚੌਥੇ ਦੋਸ਼ੀ ਨੂੰ ਸ਼ਨੀਵਾਰ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕੋਤਵਾਲੀ ਇੰਚਾਰਜ ਵੀ ਸ਼ਨੀਵਾਰ ਨੂੰ ਹੀ ਲਾਇਨ ਹਾਜ਼ਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ 19 ਸਤੰਬਰ ਨੂੰ ਜਦੋਂ ਪੀੜਤ ਲੜਕੀ ਦਾ ਬਿਆਨ ਲੈਣ ਪੁਲਿਸ ਅਲੀਗੜ ਦੇ ਜੇਐਨ ਮੈਡੀਕਲ ਕਾਲਜ ਗਈ ਤਾਂ ਲੜਕੀ ਦੀ ਹਾਲਤ ਠੀਕ ਨਹੀਂ ਸੀ।
ਪੀੜਤ ਇਸ਼ਾਰਿਆਂ ਵਿਚ ਸਿਰਫ ਆਪਣੇ ਤੇ ਹੋਏ ਹਮਲੇ ਤੇ ਛੇੜਖਾਨੀ ਨੂੰ ਬਿਆਨ ਕਰ ਪਾਈ। ਲੜਕੀ ਤੇ ਹਮਲੇ ਤੋਂ ਬਾਅਦ 20 ਸਤੰਬਰ ਨੂੰ ਛੇੜਖਾਨੀ ਦੀ ਧਾਰਾ ਵਧਾਈ ਗਈ। ਮਾਮਲੇ ਵਿੱਚ 21 ਸਤੰਬਰ ਨੂੰ ਜਦੋਂ ਪਰਿਵਾਰ ਬਿਆਨ ਦਰਜ ਕਰਵਾਉਣ ਪੁਲਿਸ ਪਹੁੰਚੀ ਤਾਂ ਉਸ ਸਮੇਂ ਵੀ ਪਰਿਵਾਰ ਨੇ ਦੱਸਿਆ ਕਿ ਬੇਟੀ ਦੀ ਹਾਲਤ ਠੀਕ ਨਹੀਂ।
22 ਸਤੰਬਰ ਨੂੰ, ਸੀਓ ਫਿਰ ਮਹਿਲਾ ਕਾਂਸਟੇਬਲ ਨਾਲ ਪਹੁੰਚੀ ਤੇ ਪੀੜਤ ਲੜਕੀ ਦਾ ਬਿਆਨ ਦਰਜ ਕੀਤਾ, ਜਿਸ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਆਪਣੇ ਨਾਲ ਹੋਈ ਬੇਰਹਿਮੀ ਦਾ ਸੰਕੇਤ ਦਿੱਤਾ। ਇਸ ਤੋਂ ਬਾਅਦ ਮੁਕੱਦਮੇ ਵਿਚ ਸਮੂਹਕ ਬਲਾਤਕਾਰ ਦੀਆਂ ਧਾਰਾਵਾਂ ਵਿੱਚ ਵਾਧਾ ਕਰਕੇ ਚਾਰਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਵਾਰਦਾਤ ਤੇ ਰਾਜਨੀਤੀ ਵੀ ਗਰਮਾਈ ਇਸ ਦੌਰਾਨ ਕਈ ਰਾਜਨੀਤਕ ਪਾਰਟੀਆਂ ਦੇ ਲੋਕ ਜੇ ਐਨ ਮੈਡੀਕਲ ਕਾਲਜ ਪਹੁੰਚੇ ਤੇ ਪੀੜਤ ਨੂੰ ਮਿਲੇ ਅਤੇ ਕਾਫ਼ੀ ਹੰਗਾਮਾ ਕੀਤਾ। ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਰਾਵਣ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਅਲੀਗੜ੍ਹ ਵਿੱਚ ਦਾਖਲ ਲੜਕੀ ਨੂੰ ਮਿਲਣ ਮਿਲਣਗੇ। ਐਤਵਾਰ ਨੂੰ ਹੀ ਬਸਪਾ ਮੁਖੀ ਮਾਇਆਵਤੀ ਨੇ ਵੀ ਟਵੀਟ ਕੀਤਾ ਸੀ। ਉਸ ਨੇ ਰਾਜ ਵਿੱਚ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਗੱਲ ਕੀਤੀ। ਉਨ੍ਹਾਂ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਤੇ ਯੂਪੀ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ।