Jalandhar News: ਫਿਲੌਰ ਕਸਬੇ ਦੇ ਪਿੰਡ ਭਾਰਸਿੰਘਪੁਰਾ 'ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਾਨਵ (25) ਵਾਸੀ ਪਿੰਡ ਭੰਡੇਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਹ ਚਾਰ ਸਾਲ ਦੁਬਈ 'ਚ ਕੰਮ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਦੋ ਭਰਾਵਾਂ 'ਤੇ ਕਤਲ ਦਾ ਦੋਸ਼ ਹੈ।


ਹਾਸਲ ਜਾਣਕਾਰੀ ਅਨੁਸਾਰ ਪਿੰਡ ਭੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਸੋਮਵਾਰ ਦੇਰ ਸ਼ਾਮ ਘਰੋਂ ਕਿਤੇ ਜਾਣ ਲਈ ਨਿਕਲਿਆ ਸੀ। ਅਮਿਤ ਤੇ ਮਾਨਵ ਨੇ ਦੁਬਈ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਬਹੁਤ ਡੂੰਘੀ ਦੋਸਤੀ ਸੀ। ਦੋਵੇਂ ਆਪਣੇ ਦੋਸਤ ਹਰਦੀਪ ਕੁਮਾਰ ਨੂੰ ਮਿਲਣ ਲਈ ਪਿੰਡ ਭਾਰਸਿੰਘਪੁਰਾ ਗਏ ਸੀ। ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਸਾਈਕਲ ’ਤੇ ਪਿੰਡ ਤੋਂ ਬਾਹਰ ਜਾਣ ਲਈ ਨਿਕਲ ਪਏ।


ਅਮਿਤ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਤੇ ਪਵਨ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਮਾਨਵ ਤੇ ਅਮਿਤ ਦੇ ਦੋਸਤ ਹਰਦੀਪ ਸਿੰਘ ਦੀ ਦੋਵਾਂ ਮੁਲਜ਼ਮ ਭਰਾਵਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ 'ਚ ਆ ਕੇ ਚਾਕੂ ਕੱਢ ਲਿਆ। ਜਦੋਂ ਚਾਕੂ ਮਾਰਿਆ ਗਿਆ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਲਈ ਅੱਗੇ ਆ ਗਿਆ। ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਅਮਿਤ ਅਨੁਸਾਰ ਦੋਵਾਂ ਭਰਾਵਾਂ ਦਾ ਹਰਦੀਪ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸੇ ਦੁਸ਼ਮਣੀ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਮ੍ਰਿਤਕ ਮਾਨਵ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਮਾਨਵ ਨੂੰ ਪਹਿਲਾਂ ਵੀ ਫੋਨ 'ਤੇ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟ੍ਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ।


ਇਹ ਵੀ ਪੜ੍ਹੋ: Viral News: ਗੂਗਲ ਤੋਂ ਲਿਆ ਕੰਟਰੋਲ ਰੂਮ ਦਾ ਨੰਬਰ, 40 ਜਹਾਜ਼ਾਂ ਨੂੰ ਕਰੈਸ਼ ਕਰਨ ਦੀ ਦਿੱਤੀ ਧਮਕੀ, 10ਵੀਂ ਜਮਾਤ ਦੇ ਵਿਦਿਆਰਥੀ ਦੇ ਕਾਰਨਾਮੇ ਤੋਂ ਹੈਰਾਨ ਰਹਿ ਗਈ ਪੁਲਿਸ


ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਨਵ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਕਰੀਬ 4 ਸਾਲ ਦੁਬਈ 'ਚ ਕੰਮ ਕਰਨ ਤੋਂ ਬਾਅਦ ਅੱਠ ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ। ਮਾਨਵ ਦੀ ਕਮਾਈ ਨਾਲ ਸਾਰਾ ਘਰ ਚੱਲਦਾ ਸੀ। ਪੁਲਿਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: Viral News: ਇੱਕ ਡੂੰਘੀ ਘਾਟੀ ਦੇ ਕੰਢੇ ਵਸਿਆ ਦੁਨੀਆ ਦਾ ਸਭ ਤੋਂ ਪ੍ਰਾਚੀਨ ਸ਼ਹਿਰ, ਦੇਖਦੇ ਹੀ ਹੈਰਾਨ ਰਹਿ ਜਾਂਦੇ ਨੇ ਲੋਕ!