ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਹੇਮਰਾਜਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ 10 ਦੇ ਕਰੀਬ ਵਿਅਕਤੀਆਂ ਨੇ ਦੂਜੀ ਧਿਰ ਦੇ ਵਿਅਕਤੀ ਦਿਲਬਾਗ ਸਿੰਘ ਦੇ ਘਰ ਬਾਹਰ ਫਾਇਰਿੰਗ ਕੀਤੀ ਤੇ ਉਸ ਨਾਲ ਗਾਲੀ ਗਲੋਚ ਕੀਤੀ। ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀਆਂ ਨੇ 5 ਖੋਲ੍ਹ ਬਰਾਮਦ ਕੀਤੇ ਹਨ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੀੜ੍ਹਤ ਵਿਅਕਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਤੋਂ 29 ਕਨਾਲ ਜ਼ਮੀਨ 47 ਲੱਖ ਰੁਪਏ ਦੀ ਖਰੀਦੀ ਹੈ ਪਰ ਦਵਿੰਦਰ ਸਿੰਘ ਸਿੰਘ ਦਾ ਵੱਡਾ ਭਰਾ ਕੁਲਵੰਤ ਸਿੰਘ ਉਸ ਨੂੰ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇ ਰਿਹਾ। ਉਸ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਸ ਦਾ ਰਕਬਾ ਹੈ ਜਿਸ ਨੂੰ ਲੈ ਕੇ ਉਸ ਦਾ ਵਿਵਾਦ ਚਲ ਰਿਹਾ ਹੈ।

ਉਸ ਨੇ ਕਿਹਾ ਕਿ ਪਿੰਡ ਦੇ ਕੁਝ ਸਿਆਸੀ ਲੋਕ ਮੇਰੇ ਤੋਂ 2.50 ਲੱਖ ਰੁਪਏ ਦੀ ਮੰਗ ਕਰ ਰਹੀ ਹਨ ਕਿ ਉਹ ਦੋਵਾਂ ਦਾ ਸਮਝੌਤਾ ਕਰਵਾ ਦੇਣਗੇ ਪਰ ਉਹ ਨਹੀਂ ਮੰਨਿਆ। ਇਸ ਕਰਕੇ ਕੁਲਵੰਤ ਸਿੰਘ ਨੇ ਉਨ੍ਹਾਂ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਨਾਲ ਲਿਆ ਕੇ ਉਸ ਦੇ ਘਰ ਉਪਰ 15 ਰੌਂਦ ਫਾਇਰਿੰਗ ਕੀਤੀ ਹੈ। ਉਸ ਨੇ ਕਿਹਾ ਜਦੋਂ ਰਾਤ ਉਸ ਦੇ ਘਰ ਉਪਰ ਫਾਇਰਿੰਗ ਕੀਤੀ ਗਈ, ਉਹ ਘਰ ਨਹੀਂ ਸੀ। ਉਸ ਦੇ ਬੱਚੇ ਤੇ ਉਸ ਦੀ ਪਤਨੀ ਸਿਮਰਜੀਤ ਕੌਰ ਘਰ ਸੀ ਜੋ ਡਰਦੇ ਬਾਹਰ ਨਹੀਂ ਨਿੱਕਲੇ। ਉਨ੍ਹਾਂ ਕਿਹਾ ਉਨ੍ਹਾਂ ਨੇ 4 ਖੋਲ੍ਹ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲਬਾਗ ਸਿੰਘ ਨਾਮਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਸ ਦੇ ਘਰ ਉਪਰ ਕੁਝ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ। ਇਸ ਤੋਂ ਬਾਅਦ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਉਸ ਸਮੇਂ ਉਨ੍ਹਾਂ ਨੂੰ ਉੱਥੋਂ ਕੋਈ ਵੀ ਖੋਲ੍ਹ ਬਰਾਮਦ ਨਹੀਂ ਹੋਏ। ਇਸ ਤੋਂ ਬਾਅਦ ਸਵੇਰੇ ਇਸ ਵਿਅਕਤੀ ਨੇ ਪੁਲਿਸ ਨੂੰ ਚਾਰ ਖੋਲ੍ਹ ਦਿੱਤੇ ਹਨ ਤੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ਉਪਰ ਫਾਇਰਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।