ਚੰਡੀਗੜ੍ਹ: ਪੰਜਾਬ ਪੁਲਿਸ ਦੀ ਖਾਕੀ ਮੁੜ ਦਾਗਦਾਰ ਹੋਈ ਹੈ। ਹੁਣ ਦਾਗ ਦੇਹ ਵਪਾਰ ਤੇ ਬਲੈਕਮੇਲ ਕਰਨ ਦਾ ਲੱਗਾ ਹੈ। ਇਸ ਮਾਮਲੇ ਵਿੱਚ ਦੋ ਥਾਣੇਦਾਰਾਂ (ਏਐਸਆਈਜ਼) ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਉੱਪਰ ਦੇਹ ਵਪਾਰ ਤੇ ਬਲੈਕਮੇਲ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ। ਇਹ ਮਾਮਲਾ ਮੋਗਾ ਜ਼ਿਲ੍ਹੇ ਦਾ ਹੈ। ਉਧਰ, ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।


ਇਸ ਗਰੋਹ ’ਚ ਸ਼ਾਮਲ ਦੋਵੇਂ ਪੁਲਿਸ ਮੁਲਾਜ਼ਮਾਂ, ਇੱਕ ਜੋੜੇ ਤੇ ਇੱਕ ਔਰਤ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਵੀਰਵਾਰ ਨੂੰ ਨਿਹਾਲ ਸਿੰਘ ਵਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।

ਹਾਸਲ ਵੇਰਵਿਆਂ ਅਨੁਸਾਰ ਨਿਹਾਲ ਸਿੰਘ ਵਾਲਾ ਵਿੱਚ ਇੱਕ ਜੋੜਾ, ਕੁਝ ਪੁਲਿਸ ਮੁਲਾਜ਼ਮਾਂ ਤੇ ਔਰਤਾਂ ਨਾਲ ਮਿਲ ਕੇ ਦੇਹ ਵਪਾਰ ਤੇ ਬਲੈਕਮੇਲਿੰਗ ਕਰਦੇ ਸਨ। ਇਹ ਗਰੋਹ ਲੋਕਾਂ ਨੂੰ ਜਾਲ ’ਚ ਫਸਾਉਣ ਮਗਰੋਂ ਮੋਟੀਆਂ ਰਕਮਾਂ ਵਸੂਲਦਾ ਸੀ। ਇਸ ਗਰੋਹ ਦਾ ਭਾਂਡਾ ਉਦੋਂ ਭੱਜਾ ਜਦੋਂ ਗਰੋਹ ’ਚ ਸ਼ਾਮਲ ਔਰਤ ਨੇ ਪੁਲਿਸ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਕੁਝ ਪੁਲਿਸ ਮੁਲਾਜ਼ਮਾਂ ’ਤੇ ਧੰਦੇ ’ਚ ਲੱਖਾਂ ਰੁਪਏ ਲੈ ਕੇ ਉਸ ਦਾ ਬਣਦਾ ਹਿੱਸਾ ਨਾ ਦੇਣ ਦਾ ਦੋਸ਼ ਲਾਇਆ।

ਇਸ ਮਗਰੋਂ ਗਰੋਹ ਦਾ ਸ਼ਿਕਾਰ ਹੋਏ ਸੁਭਾਸ਼ ਚੰਦਰ ਉਰਫ਼ ਕਾਲੀ ਪਿੰਡ ਮਾਣੂੰਕੇ ਦੀ ਸ਼ਿਕਾਇਤ ਉੱਤੇ ਖ਼ੁਲਾਸਾ ਕਰਨ ਵਾਲੀ ਔਰਤ, ਹਰਜਿੰਦਰ ਸਿੰਘ ਤੇ ਉਸ ਦੀ ਪਤਨੀ ਤੇ ਦੋ ਸਹਾਇਕ ਥਾਣੇਦਾਰਾਂ (ਏਐਸਆਈ) ਚਮਕੌਰ ਸਿੰਘ ਤੇ ਦਰਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।