ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਅੱਜ ਵਿਰੋਧੀ ਨੇਤਾਵਾਂ ਨੇ ਵੱਡੀ ਬੈਠਕ ਉਲੀਕੀ ਹੈ। ਸ਼ੁੱਕਰਵਾਰ ਬਾਅਦ ਦੁਪਹਿਰ ਤਿੰਨ ਵਜੇ ਰੱਖੀ ਇਸ ਬੈਠਕ ਦੀ ਅਗਵਾਈ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਕਰਨਗੇ। ਬੈਠਕ ਵਿੱਚ 25 ਸਿਆਸੀ ਦਲਾਂ ਦੇ ਨੇਤਾ ਸ਼ਾਮਲ ਹੋਣਗੇ।


ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਐਨਸੀਪੀ ਨੇਤਾ ਸ਼ਰਦ ਪਵਾਰ, ਡੀਐਮਕੇ ਨੇਤਾ ਐਮ.ਕੇ. ਸਟਾਲਿਨ ਜਿਹੇ ਦਿੱਗਜ ਨੇਤਾ ਵੀ ਸ਼ਾਮਲ ਹੋਣਗੇ। ਬੈਠਕ ਦਾ ਮਕਸਦ ਕੋਰੋਨਾ ਮਹਾਮਾਰੀ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਤੇ ਦੇਸ਼ ਦੀ ਖਸਤਾ ਹੋ ਰਹੀ ਆਰਥਿਕ ਹਾਲਤ 'ਤੇ ਕੇਂਦਰ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਕਰਨਾ ਹੈ।

ਇਹ ਪਹਿਲਾ ਮੌਕਾ ਹੈ ਜਦ ਕੋਰੋਨਾ ਮਹਾਮਾਰੀ ਸਮੇਂ ਵਿਰੋਧੀ ਧਿਰਾਂ ਇੰਨੀ ਵੱਡੀ ਪੱਧਰ 'ਤੇ ਇਕੱਠੀਆਂ ਹੋ ਰਹੀਆਂ ਹਨ। ਇਸ ਬੈਠਕ ਬਾਰੇ ਕਾਂਗਰਸੀ ਸੂਤਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਵਿੱਚ ਮੋਦੀ ਸਰਕਾਰ ਨਿਕੰਮੀ ਸਾਬਤ ਹੋਈ ਹੈ। ਪ੍ਰਵਾਸੀ ਮਜ਼ਦੂਰਾਂ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਬਲਕਿ ਉਨ੍ਹਾਂ ਨਾਲ ਬੁਰਾ ਵਤੀਰਾ ਕੀਤਾ ਗਿਆ। ਵਿਰੋਧੀ ਪਾਰਟੀਆਂ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ 'ਤੇ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ।

ਹੋਰ ਖ਼ਬਰਾਂ