ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਾਲੇ ਖੇਤਰ ਵਿੱਚ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਪੇਸ਼ੇ ਵਜੋਂ ਵਪਾਰੀ ਪਤੀ ਨੇ ਚਾਰ ਲੋਕਾਂ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਸਨਖੀਖੇਜ ਮਾਮਲਾ ਸਾਹਮਣੇ ਆਇਆ ਹੈ। ਸਾਜ਼ਿਸ਼ਕਰਤਾ ਪਤੀ ਨੇ ਜਾਅਲੀ ਕੋਰੋਨਾ ਵੈਕਸੀਨ ਦਾ ਸਹਾਰਾ ਲਿਆ ਤੇ ਪਤਨੀ ਦੇ ਕਥਿਤ ਪ੍ਰੇਮੀ ਸਮੇਤ ਚਾਰ ਜਣਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਈ।


ਬਾਹਰੀ ਉੱਤਰੀ ਜ਼ਿਲ੍ਹੇ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਸ਼ੱਕ ਹੋ ਗਿਆ ਕਿ ਉਸ ਦੀ ਪਤਨੀ ਦੇ ਹੋਮਗਾਰਡ ਵਿੱਚ ਨੌਕਰੀ ਕਰਦੇ ਵਿਅਕਤੀ ਨਾਲ ਸਬੰਧ ਹਨ। ਉਸ ਨੇ ਉਸ ਦੇ ਕਥਿਤ ਪ੍ਰੇਮੀ ਨੂੰ ਪਰਿਵਾਰ ਸਮੇਤ ਖ਼ਤਮ ਕਰਨ ਦੀ ਯੋਜਨਾ ਬਣਾਈ। ਉਸ ਨੇ ਕਥਿਤ ਪ੍ਰੇਮੀ ਤੇ ਉਸ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕੇ ਦੇ ਬਜਾਏ ਜ਼ਹਿਰ ਦੇ ਦਿੱਤਾ। ਇਸ ਕੰਮ ਲਈ ਉਸ ਨੇ ਦੋ ਔਰਤਾਂ ਨੂੰ ਮੋਟੀ ਰਕਮ ਵੀ ਦਿੱਤੀ।

ਪੁਲਿਸ ਮੁਤਾਬਕ ਦੋਵਾਂ ਔਰਤਾਂ ਨੇ ਜਾਅਲੀ ਸਿਹਤਕਰਮੀ ਬਣ ਕੇ ਹੋਮਗਾਰਡ ਦੇ ਜਵਾਨ ਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਹਿਰ ਵਾਲਾ ਟੀਕਾ ਲਾ ਦਿੱਤਾ। ਟੀਕੇ ਮਗਰੋਂ ਸਾਰਿਆਂ ਦੀ ਹਾਲਤ ਖ਼ਰਾਬ ਹੋਣ ਲੱਗੀ। ਜਦ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਜ਼ਹਿਰ ਦਿੱਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਟੀਕਾਕਰਨ ਕਰਨ ਵਾਲੀਆਂ ਦੋਵੇਂ ਜਾਅਲੀ ਸਿਹਤ ਕਰਮੀ ਔਰਤਾਂ ਤੇ ਉਨ੍ਹਾਂ ਨੂੰ ਪੈਸੇ ਦੇਣ ਵਾਲੇ ਮਹਿਲਾ ਦੇ ਸ਼ੱਕੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਹਾਲੇ ਵੀ ਇਲਾਜ ਅਧੀਨ ਹਨ ਤੇ ਉਨ੍ਹਾਂ ਦੀ ਹਾਲਤ ਖ਼ਤਰਿਓਂ ਬਾਹਰ ਹੈ।

ਇਹ ਵੀ ਪੜ੍ਹੋ