ਲਖਨਊ: ਕੇਂਦਰ ਵਿਚਲੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਅਕਸਰ ਹੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ 'ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏ ਬਰੇਲੀ ਸਦਰ ਦੀ ਯੰਗ ਐਮਐਲਏ ਅਦਿਤੀ ਸਿੰਘ ਨੇ ਹਾਲ ਹੀ ਵਿੱਚ ਆਪਣੀ ਪਾਰਟੀ 'ਤੇ ਸਵਾਲ ਚੁੱਕੇ ਸਨ। ਅਦਿਤੀ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਹਲਕੇ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਪਤਨੀ ਹੈ।

ਅਦਿਤੀ ਸਿੰਘ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਕਾਂਗਰਸ ਵੱਲੋਂ ਬੱਸਾਂ ਚਲਾਉਣ ਦੇ ਮਾਮਲੇ 'ਤੇ ਉਂਗਲ ਚੁੱਕੀ ਸੀ। ਉਸ ਨੇ ਬੱਸਾਂ ਦੇ ਮੁੱਦੇ 'ਤੇ ਭਾਜਪਾ ਦਾ ਪੱਖ ਪੂਰਦਿਆਂ ਪ੍ਰਿਅੰਕਾ ਗਾਂਧੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੰਕਟ ਵੇਲੇ ਇਸ ਹੇਠਲੇ ਪੱਧਰ ਦੀ ਸਿਆਸਤ ਕਰਨ ਦੀ ਕੀ ਲੋੜ ਸੀ। ਕਾਂਗਰਸ ਨੇ ਇਸ ਅਨੁਸ਼ਾਸਨਹੀਨਤਾ ਨੂੰ ਗੰਭੀਰਤਾ ਨਾਲ ਲਿਆ ਤੇ ਉਸ ਨੂੰ ਪਾਰਟੀ ਦੀ ਮਹਿਲਾ ਵਿੰਗ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਸੰਸਦੀ ਹਲਕੇ ਰਾਏ ਬਰੇਲੀ ਸੀਟ 'ਤੇ ਭਾਜਪਾ ਹੀ ਅਦਿਤੀ ਸਿੰਘ ਨੂੰ ਅੱਗੇ ਕਰ ਰਹੀ ਹੈ। ਇੱਥੋਂ ਦੇ ਮਰਹੂਮ ਦਬੰਗ ਵਿਧਾਇਕ ਅਖਿਲੇਸ਼ ਸਿੰਘ ਦੀ ਧੀ ਅਦਿਤੀ ਸਿੰਘ ਸਾਲ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ। ਉਹ ਆਪਣੇ ਹਲਕੇ ਵਿੱਚ ਹਰਮਨਪਿਆਰੀ ਹੈ ਤੇ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਹੈ। ਇੰਨਾ ਹੀ ਨਹੀਂ ਅਦਿਤੀ ਸਿੰਘ ਦੇ ਰਾਹੁਲ ਗਾਂਧੀ ਨਾਲ ਵਿਆਹ ਹੋਣ ਬਾਰੇ ਵੀ ਅਫਵਾਹਾਂ ਫੈਲੀਆਂ ਸਨ ਪਰ ਫਿਰ ਪਿਛਲੇ ਸਾਲ ਉਸ ਨੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਨਾਲ ਹੋ ਗਿਆ ਸੀ।
ਇਹ ਵੀ ਪੜ੍ਹੋ-