ਚੰਡੀਗੜ੍ਹ: ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਲੇਬਰ ਦੀ ਘਾਟ ਕਾਰਨ ਇਸ ਵਾਰ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਬਦਲਵੇਂ ਢੰਗ ਨਾਲ ਕੀਤੀ ਜਾਵੇਗੀ। ਪਹਿਲਾਂ ਇਸ ਫ਼ਸਲ ਦੀ ਪਨੀਰੀ ਬੀਜੀ ਜਾਂਦੀ ਸੀ। ਫਿਰ ਇਸ ਪਨੀਰੀ ਨੂੰ ਖੇਤਾਂ 'ਚ ਲਾਇਆ ਜਾਂਦਾ ਸੀ। ਹੁਣ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ। ਸਿੱਧੀ ਬਿਜਾਈ ਲਈ ਜਿੱਥੇ ਖੇਤੀਬਾੜੀ ਵਿਭਾਗ ਨੇ ਨਵੇਂ ਟੀਚੇ ਮਿੱਥ ਲਏ ਹਨ, ਉੱਥੇ ਕਿਸਾਨਾਂ ਨੇ ਵੀ ਕਮਰਕੱਸੇ ਕਰ ਲਏ ਹਨ।
ਖੇਤੀ ਵਿਭਾਗ ਦੇ ਸਾਬਕਾ ਅਧਿਕਾਰੀ ਤੇ ਸਫਲ ਕਿਸਾਨ ਡਾ. ਦਲੇਰ ਸਿੰਘ ਪਿਛਲੇ 20 ਸਾਲਾਂ ਤੋਂ ਸਿੱਧਾ ਝੋਨਾ ਬੀਜ ਰਹੇ ਹਨ ਤੇ ਉਹ ਇਸ ਨੂੰ ਜ਼ਮੀਨ ਕੱਦੂ ਕਰ ਪਨੀਰੀ ਨੂੰ ਮੁੜ ਤੋਂ ਲਾਉਣ ਨਾਲੋਂ ਬਿਹਤਰ ਮੰਨਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਧੀ ਬਿਜਾਈ ਨਾਲ ਆਮ ਦੇ ਮੁਕਾਬਲੇ 70 ਫ਼ੀਸਦ ਪਾਣੀ ਦੀ ਬਚਤ ਹੁੰਦੀ ਹੈ।
ਇੰਨਾ ਹੀ ਨਹੀਂ ਡਾ. ਦਲੇਰ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਕੱਦੂ ਕਰਦਿਆਂ ਪਾਣੀ ਖੜ੍ਹਾਉਣ ਨਾਲ ਜ਼ਮੀਨ ਪਥਰੀਲੀ ਹੋ ਜਾਂਦੀ ਹੈ। ਇਸ ਨਾਲ ਮੀਂਹ ਦਾ ਪਾਣੀ ਜ਼ਮੀਨ ਦੇ ਅੰਦਰ ਨਹੀਂ ਜਾ ਪਾਉਂਦਾ ਅਤੇ ਇਹੋ ਕਾਰਨ ਹੈ ਕਿ ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦਾ ਟੀਚਾ ਝੋਨੇ ਹੇਠ ਰਕਬਾ 30 ਲੱਖ ਹੈਕਟੇਅਰ ਤੋਂ ਘਟਾ ਕੇ 27 ਲੱਖ ਹੈਕਟੇਅਰ ਕਰਨਾ ਹੈ, ਜਿਸ ਵਿੱਚੋਂ ਪੰਜ ਲੱਖ ਹੈਕਟੇਅਰ ਸਿੱਧੀ ਬਿਜਾਈ ਕਰਨੀ ਹੈ।
ਪੰਨੂ ਮੁਤਾਬਕ ਇੱਕ ਲੱਖ ਹੈਕਟੇਅਰ ਕਪਾਹ, ਇੱਕ ਤੋਂ ਡੇਢ ਮੱਕੀ ਤੇ ਬਾਕੀ 50 ਹਜ਼ਾਰ ਹੈਕਟੇਅਰ ਵਿੱਚ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਧਾਈ ਜਾਵੇਗੀ। ਪੰਨੂ ਮੁਤਾਬਕ ਲੇਬਰ ਦੀ ਘਾਟ ਕਾਰਨ ਇਹ ਪਹਿਲਾ ਤਜ਼ਰਬਾ ਹੋਣ ਕਾਰਨ ਉਹ ਕਿਸਾਨਾਂ ਨੂੰ 20 ਫ਼ੀਸਦ ਤੋਂ ਵੱਧ ਸਿੱਧੀ ਬਿਜਾਈ ਕਰਨ ਦੀ ਸਲਾਹ ਨਹੀਂ ਦਿੰਦੇ।
ਇਹ ਵੀ ਪੜ੍ਹੋ-