Punjab Farmers: ਪੰਜਾਬ 'ਚ ਕਿਸਾਨਾਂ ਦੀ ਖੁਦਕੁਸ਼ੀ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੇ ਨਾਲ ਹੀ ਬੀਤੇ ਦਿਨੀਂ ਦੋ ਵੱਖ-ਵੱਖ ਥਾਵਾਂ 'ਤੇ ਦੋ ਕਿਸਾਨਾਂ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਦੱਸ ਦਈਏ ਕਿ ਪਟਿਆਲਾ ਦੇ ਥਾਣਾ ਪਸਿਆਣਾ ਅਧੀਨ ਪੈਂਦੇ ਹਰਿੰਦਰ ਗਰੇਵਾਲ ਐਨਕਲੇਵ ਦੇ ਰਹਿਣ ਵਾਲੇ ਕਿਸਾਨ ਨਿਰਮਲ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਕਿਸਾਨ ਨੇ ਇੱਕ ਏਜੰਟ ਤੋਂ ਲੱਖਾਂ ਰੁਪਏ ਲੈਣੇ ਸੀ ਪਰ ਉਹ ਲਗਾਤਾਰ ਟਾਲ-ਮਟੋਲ ਕਰ ਰਿਹਾ ਸੀ। ਪੁਲਿਸ ਨੇ ਏਜੰਟ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।


ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਰੋਹੜ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜਗੀਰ ਦੀ ਅਨਾਜ ਮੰਡੀ ਵਿੱਚ ਕੰਮ ਕਰਦਾ ਹੈ। ਸਾਲ 2012 ਤੋਂ ਉਸ ਦਾ ਪਿਤਾ ਨਿਰਮਲ ਸਿੰਘ (66) ਉਕਤ ਏਜੰਟ ਨੂੰ ਫਸਲ ਵੇਚ ਰਿਹਾ ਸੀ। ਮੁਲਜ਼ਮਾਂ ਨੇ ਸਾਲ 2016 ਤੱਕ ਅਦਾਇਗੀ ਨਹੀਂ ਕੀਤੀ ਸੀ, ਜੋ ਕਿ ਕੁੱਲ 21 ਲੱਖ ਰੁਪਏ ਦੇ ਕਰੀਬ ਬਣਦੀ ਹੈ।


ਜਾਣਕਾਰੀ ਅਨੁਸਾਰ 19 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਨਿਰਮਲ ਸਿੰਘ ਮੁਲਜ਼ਮਾਂ ਕੋਲ ਪੈਸੇ ਲੈਣ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਪਰਤਿਆ। ਉਸ ਦੀ ਲਾਸ਼ ਕਕਰਾਲਾ ਪੁਲ ਨੇੜੇ ਭਾਖੜਾ ਨਹਿਰ ਚੋਂ ਮਿਲੀ। ਪੁਲਿਸ ਨੇ ਆੜ੍ਹਤੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ।


ਮਾਨਸਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ


ਮਾਨਸਾ ਦੇ ਪਿੰਡ ਕੁਲਰੀਆਂ ਦੇ ਕਿਸਾਨ ਜਗਜੀਤ ਸਿੰਘ (24) ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਜਗਜੀਤ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਇਸ ਵਾਰ ਕਣਕ ਦੀ ਫ਼ਸਲ ਮੰਡੀ ਵਿੱਚ ਲੈ ਕੇ ਗਿਆ। ਕਰਜ਼ੇ ਦੇ ਲੈਣ-ਦੇਣ ਦੇ ਬਦਲੇ ਦਲਾਲ ਨੇ ਮੰਡੀ ਵਿੱਚ ਜਬਰੀ ਕਣਕ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ। ਕਿਸਾਨ ਨੇ ਏਜੰਟ ਦੀ ਮਿੰਨਤ ਕੀਤੀ। ਕਿਸਾਨ ਨੇ ਡਰ ਦੇ ਮਾਰੇ ਕੀਟਨਾਸ਼ਕ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ।


ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਅਤੇ ਇੱਕ ਛੋਟੀ ਭੈਣ ਛੱਡ ਗਿਆ ਹੈ। ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣਾਵਾਘਾ ਅਤੇ ਰਾਮਫਲ ਸਿੰਘ ਚੱਕ ਅਲੀਸ਼ੇਰ ਅਤੇ ਬੱਬੂ ਸਿੰਘ ਕੁਲਰੀਆਂ ਨੇ ਪੰਜਾਬ ਸਰਕਾਰ ਤੋਂ ਮੁਲਜ਼ਮ ਏਜੰਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Punjab Weather Forecast: ਆਉਣ ਵਾਲੇ ਦਿਨਾਂ 'ਚ ਪੰਜਾਬ 'ਚ 5 ਡਿਗਰੀ ਤੱਕ ਵਧੇਗਾ ਪਾਰਾ, ਸਹਿਣਾ ਪਵੇਗਾ ਗਰਮੀ ਦਾ ਕਹਿਰ