ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇੱਕ ਔਰਤ ਨੇ ਆਪਣੇ ਲਿਵ-ਇਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਟ੍ਰਾਲੀ ਬੈਗ 'ਚ ਪਾ ਕੇ ਲਾਸ਼ ਨੂੰ ਟਿਕਾਣੇ ਲਗਾਉਣ ਜਾ ਰਹੀ ਸੀ, ਪਰ ਪੁਲਿਸ ਨੇ ਮੁਲਜ਼ਮ ਔਰਤ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਘੱਟ ਉਮਰ 'ਚ ਵਿਆਹ ਕਰਵਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਅਨੁਸਾਰ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਥਾਣਾ ਟਿੱਲਾ ਮੋੜ ਦੇ ਪੁਲਿਸ ਮੁਲਾਜ਼ਮ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇੱਕ ਔਰਤ ਭਾਰੀ ਟ੍ਰਾਲੀ ਬੈਗ ਨੂੰ ਖਿੱਚਦੀ ਹੋਈ ਮਿਲੀ। ਪੁਲਿਸ ਦੀ ਕਾਰ ਨੂੰ ਦੇਖ ਕੇ ਇਹ ਔਰਤ ਘਬਰਾ ਗਈ ਅਤੇ ਸੜਕ ਦੇ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ 'ਤੇ ਉਸ ਦੇ ਟ੍ਰਾਲੀ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਹੈਰਾਨ ਰਹਿ ਗਈ, ਕਿਉਂਕਿ ਬੈਗ 'ਚ ਇੱਕ ਨੌਜਵਾਨ ਦੀ ਲਾਸ਼ ਪਈ ਸੀ।
ਸੰਭਲ ਦਾ ਰਹਿਣ ਵਾਲਾ ਸੀ ਮ੍ਰਿਤਕ
ਪੁੱਛਗਿੱਛ 'ਤੇ ਔਰਤ ਨੇ ਆਪਣਾ ਨਾਂਅ ਪ੍ਰੀਤੀ ਸ਼ਰਮਾ ਪਤਨੀ ਦੀਪਕ ਯਾਦਵ ਵਾਸੀ ਫਲੈਟ ਨੰਬਰ-181 ਤੁਲਸੀ ਨਿਕੇਤਨ ਗਾਜ਼ੀਆਬਾਦ ਦੱਸਿਆ। ਇਹ ਲਾਸ਼ ਮਹਿਲਾ ਦੇ ਲਿਵ-ਇਨ ਰਿਲੇਸ਼ਨਸ਼ਿੱਪ ਪਾਰਟਨਰ ਫਿਰੋਜ਼ ਪੁੱਤਰ ਇਕਬਾਲ ਵਾਸੀ ਸੰਭਲ (ਉੱਤਰ ਪ੍ਰਦੇਸ਼) ਦੀ ਨਿਕਲੀ। ਮ੍ਰਿਤਕ ਫਿਰੋਜ਼ ਦਿੱਲੀ 'ਚ ਨਾਈ ਦਾ ਕੰਮ ਕਰਦਾ ਸੀ।
'ਪਤੀ ਦੀ ਨਹੀਂ ਹੋਈ ਤਾਂ ਮੇਰਾ ਕੀ ਹੋਵੇਗੀ'
ਦਰਅਸਲ ਔਰਤ ਆਪਣੇ ਪਤੀ ਦੀਪਕ ਯਾਦਵ ਨੂੰ ਛੱਡ ਕੇ ਪਿਛਲੇ 3-4 ਸਾਲਾਂ ਤੋਂ ਫਿਰੋਜ਼ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। 6-7 ਅਗਸਤ ਦੀ ਰਾਤ ਨੂੰ ਪ੍ਰੀਤੀ ਸ਼ਰਮਾ ਦਾ ਬੁਆਏਫ੍ਰੈਂਡ ਫਿਰੋਜ਼ ਨਾਲ ਵਿਆਹ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਫਿਰੋਜ਼ ਨੇ ਪ੍ਰੀਤੀ ਨੂੰ ਕਿਹਾ, "ਤੂੰ ਤਾਂ ਚਾਲੂ ਔਰਤ ਹੈ। ਜੇ ਆਪਣੇ ਪਤੀ ਦੀ ਨਾ ਹੋਈ ਤਾਂ ਮੇਰੀ ਕੀ ਹੋਵੇਗੀ।" ਇਸ ਬੇਇੱਜ਼ਤੀ ਤੋਂ ਨਾਰਾਜ਼ ਹੋਈ ਪ੍ਰੀਤੀ ਨੇ ਘਰ 'ਚ ਰੱਖੇ ਉਸਤਰੇ ਨਾਲ ਫਿਰੋਜ਼ ਦਾ ਗਲਾ ਵੱਢ ਦਿੱਤਾ।
ਸੀਲਮਪੁਰ ਤੋਂ ਟ੍ਰਾਲੀ ਬੈਗ ਖਰੀਦਿਆ
ਮੁਲਜ਼ਮ ਔਰਤ ਨੇ ਦੱਸਿਆ ਕਿ ਉਸ ਨੇ ਐਤਵਾਰ ਦੁਪਹਿਰ ਨੂੰ ਦਿੱਲੀ ਸੀਲਮਪੁਰ ਤੋਂ ਟ੍ਰਾਲੀ ਬੈਗ ਖਰੀਦਿਆ ਸੀ। ਫਿਰ ਰਾਤ ਨੂੰ ਫਿਰੋਜ਼ ਦੀ ਲਾਸ਼ ਨੂੰ ਟ੍ਰਾਲੀ ਬੈਗ 'ਚ ਰੱਖ ਕੇ ਉਹ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਟਰੇਨ 'ਚ ਰੱਖਣ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਫੜ ਲਿਆ।