ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ ਖਾਲਸਾ ਨਗਰ 'ਚ ਅੱਜ ਸਵੇਰੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਜਦੋਂ  ਨੌਜਵਾਨ ਆਪਣੇ ਘਰੋਂ ਬਾਹਰ ਜਾ ਰਿਹਾ ਸੀ ਤਾਂ ਹਥਿਆਰਬੰਦ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਹਮਲੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂ ਸ਼ਿਵ ਕੁਮਾਰ ਦੱਸਿਆ ਜਾ ਰਿਹਾ ਹੈ।

 

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏਸੀਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

 

ਖਾਲਸਾ ਨਗਰ ਦੇ ਰਹਿਣ ਵਾਲੇ ਮੰਨੂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਕਰੀਬ ਦੋ ਸਾਲ ਪਹਿਲਾਂ ਇਲਾਕੇ ਦਾ ਲੱਕੀ ਨਾਂ ਦਾ ਨੌਜਵਾਨ ਉਸ ਦੀ ਛੋਟੀ ਭੈਣ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਆਪਣੇ ਨਾਲ ਰਾਜਸਥਾਨ ਲੈ ਗਿਆ ਸੀ। ਕੁਝ ਦਿਨਾਂ ਬਾਅਦ ਲੱਕੀ ਅਤੇ ਉਸਦੀ ਭੈਣ ਵਾਪਸ ਆ ਗਏ ਅਤੇ ਦੋਸ਼ੀ ਨੇ ਉਸਦੀ ਭੈਣ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। 

 

ਮੁਲਜ਼ਮ ਦੀਆਂ ਗੱਲਾਂ ਤੋਂ ਦੁਖੀ ਉਸ ਦੀ ਭੈਣ ਨੇ ਫਿਰ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।  ਮੁਲਜ਼ਮ ਲੱਕੀ ਦੀ ਇਸੇ ਕਾਰਨ ਉਸ ਦੇ ਪਰਿਵਾਰ ਨਾਲ ਦੁਸ਼ਮਣੀ ਸ਼ੁਰੂ ਹੋ ਗਈ। ਮੁਲਜ਼ਮ ਨੇ ਉਸ ਦੇ ਭਰਾ ਸ਼ਿਵ ਨੂੰ ਕੁੱਟਮਾਰ ਦੇ ਝੂਠੇ ਕੇਸ ਵਿੱਚ ਫਸਾਇਆ ਅਤੇ ਕਰੀਬ 15-20 ਦਿਨ ਪਹਿਲਾਂ ਹੀ ਜੇਲ ਤੋਂ ਰਿਹਾਅ ਹੋ ਕੇ ਜ਼ਮਾਨਤ ਕਰਵਾ ਕੇ ਘਰ ਆਇਆ ਸੀ। ਜਦੋਂ ਉਸ ਦਾ ਭਰਾ ਸ਼ਿਵ ਘਰ ਲਈ ਕੁਝ ਸਾਮਾਨ ਲੈਣ ਲਈ ਬਾਜ਼ਾਰ ਗਿਆ ਤਾਂ ਲੱਕੀ ਨੇ 15-20 ਸਾਥੀਆਂ ਨਾਲ ਮਿਲ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।


ਇਸ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਸ਼ਿਵ ਨੂੰ ਗੰਭੀਰ ਹਾਲਤ 'ਚ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਏਸੀਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਅਤੇ ਉਸ ਦੇ ਕੁਝ ਸਾਥੀਆਂ ਦੀ ਸ਼ਨਾਖਤ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਾਕੀ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਤੋਂ ਪਛਾਣ ਕੀਤੀ ਜਾ ਰਹੀ ਹੈ।