Jalandhar News: ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਵੀਰਵਾਰ ਨੂੰ ਵੱਖ-ਵੱਖ ਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੇ ਚਾਰ ਬੈਡਮਿੰਟਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਹਾਲ ਹੀ ਵਿੱਚ ਹੈਦਰਾਬਾਦ ਵਿੱਚ ਹੋਏ ਆਲ ਇੰਡੀਆ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਮਾਨਿਆ ਰਲਹਨ ਨੂੰ 31,000 ਰੁਪਏ ਦਾ ਚੈੱਕ ਦਿੱਤਾ ਗਿਆ। ਮਾਨਿਆ ਇਸ ਸਮੇਂ ਜੂਨੀਅਰ ਮਿਕਸਡ ਡਬਲਜ਼ ਵਰਗ ਵਿੱਚ ਭਾਰਤ ਦੀ ਨੰਬਰ 1 ਖਿਡਾਰਨ ਹੈ। ਸਮਰਿਧੀ ਭਾਰਦਵਾਜ, ਲੀਜ਼ਾ ਟਾਂਕ ਅਤੇ ਅਭਿਨਵ ਠਾਕੁਰ ਨੂੰ 21000 ਰੁਪਏ ਦਾ ਚੈੱਕ ਦਿੱਤਾ ਗਿਆ। 


ਜਲੰਧਰ ਦੇ ਇਨ੍ਹਾਂ ਖਿਡਾਰੀਆਂ ਨੇ 2023 ਵਿੱਚ ਗੋਆ ਵਿੱਚ ਹੋਈਆਂ ਨੈਸ਼ਨਲ ਖੇਡਾਂ, ਗੁਹਾਟੀ ਵਿੱਚ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਤੇ ਨੈਸ਼ਨਲ ਸਕੂਲ ਖੇਡਾਂ ਵਿੱਚ ਤਗਮੇ ਜਿੱਤੇ ਸਨ। ਸਮਰਿਧੀ ਭਾਰਦਵਾਜ ਨੂੰ ਹਾਲ ਹੀ ਦੁਬਈ ਵਿੱਚ ਹੋਣ ਵਾਲੀਆਂ ਵਿਸ਼ਵ ਸਕੂਲ ਖੇਡਾਂ ਵਿੱਚ ਭਾਗ ਲੈਣ ਲਈ ਭਾਰਤੀ ਸਕੂਲੀ ਟੀਮ ਵਿੱਚ ਚੁਣਿਆ ਗਿਆ ਹੈ। ਕੋਚ ਗਗਨ ਰੱਤੀ ਨੂੰ ਵੀ ਖੇਡ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।


ਡਿਪਟੀ ਕਮਿਸ਼ਨਰ, ਜੋ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ (ਡੀਬੀਏ) ਦੇ ਪ੍ਰਧਾਨ ਵੀ ਹਨ, ਨੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਸੂਬੇ ਅਤੇ ਖਾਸ ਕਰਕੇ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ। 


ਉਨ੍ਹਾਂ ਕਿਹਾ ਕਿ ਡੀਬੀਏ ਖਿਡਾਰੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਕਿਸੇ ਵੀ ਮੁਕਾਬਲੇ ਜਾਂ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਕਾਰਪਸ ਫੰਡ ਸਥਾਪਤ ਕਰੇਗਾ। ਉਨ੍ਹਾਂ ਕਿਹਾ ਕਿ ਉੱਘੇ ਉਦਯੋਗਪਤੀਆਂ, ਪ੍ਰਵਾਸੀ ਭਾਰਤੀਆਂ ਤੇ ਹੋਰਾਂ ਨੂੰ ਇਸ ਕਾਰਪਸ ਫੰਡ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਕੇ ਸੀਐਸਆਰ ਗਤੀਵਿਧੀਆਂ ਤਹਿਤ ਡੀ.ਬੀ.ਏ. ਦਾ ਸਮਰਥਨ ਕਰਨ ਲਈ ਬੇਨਤੀ ਕੀਤੀ ਜਾਵੇਗੀ। 


ਸਾਰੰਗਲ ਨੇ ਖਿਡਾਰੀਆਂ ਨੂੰ ਖੇਡ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਬਿਹਤਰ ਸਿਖਲਾਈ ਸਹੂਲਤਾਂ ਦੇ ਮਾਮਲੇ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਡੀ.ਬੀ.ਏ ਅੰਤ੍ਰਿੰਗ ਕਮੇਟੀ ਦੇ ਚੇਅਰਮੈਨ ਡਾ. ਜੈ ਇੰਦਰ ਸਿੰਘ (ਐਸਡੀਐਮ), ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ, ਖਜ਼ਾਨਚੀ ਪਲਵਿੰਦਰ ਸਿੰਘ ਜੁਨੇਜਾ ਤੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ।