Amritsar News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹਰ ਬੁੱਧਵਾਰ ਕਾਲੇ ਛੋਲੇ ਤੇ ਗਰਮਾ ਗਰਮ ਪੂਰੀਆਂ ਖੁਆਉਣ ਦੇ ਫੈਸਲੇ ਤੋਂ ਅਧਿਆਪਕ ਔਖੇ ਹਨ। ਅਧਿਆਪਕਾਂ ਨੇ ਕਿਹਾ ਹੈ ਕਿ ਸਿਰਫ 7 ਰੁਪਏ 'ਚ ਬੱਚਿਆਂ ਨੂੰ ਪੂਰੀਆਂ ਤੇ ਛੋਲੇ ਦੇਣਾ ਆਸਾਨ ਨਹੀਂ। ਇਸ ਦੇ ਨਾਲ ਹੀ ਇੱਕੋ ਵੇਲੇ ਸਾਰੇ ਬੱਚਿਆਂ ਨੂੰ ਠੰਢ ਵਿੱਚ ਫੁੱਲੀਆਂ ਤੇ ਗਰਮਾ ਗਰਮ ਪੂਰੀਆਂ ਦੇਣਾ ਔਖਾ ਹੈ।

Continues below advertisement


ਦਰਅਸਲ ਕੜਾਕੇ ਦੀ ਠੰਢ ਤੇ ਧੁੰਦ ਵਿਚਾਲੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਬੁੱਧਵਾਰ ਕਾਲੇ ਛੋਲੇ ਤੇ ਗਰਮਾ ਗਰਮ ਪੂਰੀਆਂ ਖੁਆਉਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਬੁੱਧਵਾਰ ਤੋਂ ਲਾਗੂ ਹੋ ਗਏ ਹਨ ਪਰ ਅਧਿਆਪਕਾਂ ਇਸ ਤੋਂ ਕਾਫੀ ਔਖੇ ਹਨ। ਅਧਿਆਪਕ ਯੂਨੀਅਨ ਨੇ ਇਸ ਹੁਕਮ ਨੂੰ ਲਾਗੂ ਕਰਨ ਤੇ ਸਰਦੀਆਂ ਦੇ ਮੌਸਮ ਦੌਰਾਨ ਦਿੱਤੇ ਜਾ ਰਹੇ ਬਜਟ ’ਤੇ ਸਵਾਲ ਖੜ੍ਹੇ ਕੀਤੇ ਹਨ। ਅਧਿਆਪਕ ਯੂਨੀਅਨ ਨੇ ਇਸ ਨੂੰ ਬੱਚਿਆਂ ਦੀ ਸਿਹਤ ਲਈ ਵੀ ਹਾਨੀਕਾਰਕ ਦੱਸਿਆ ਜਾਂਦਾ ਹੈ।


ਦਰਅਸਲ, ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਹਰ ਬੁੱਧਵਾਰ ਨੂੰ ਮਿਡ-ਡੇ-ਮੀਲ ਦੇ ਹਿੱਸੇ ਵਜੋਂ ਹਰ ਬੱਚੇ ਨੂੰ ਕਾਲੇ ਛੋਲਿਆਂ ਨਾਲ ਪੂਰੀਆਂ ਪਰੋਸੀਆਂ ਜਾਣ। ਇਸ ਦੇ ਨਾਲ ਹੀ ਹਦਾਇਤ ਹੈ ਕਿ ਠੰਢ ਵਿੱਚ ਇਹ ਪੂਰੀਆਂ ਫੁੱਲੀਆਂ ਤੇ ਗਰਮਾ ਗਰਮ ਹੋਣੀ। ਅਜਿਹੇ 'ਚ ਅਧਿਆਪਕ ਹੁਕਮਾਂ ਦੀ ਪਾਲਣਾ ਤਾਂ ਕਰ ਰਹੇ ਹਨ ਪਰ ਔਖੇ ਜ਼ਰੂਰ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਨਵੇਂ ਹੁਕਮ ਕਰਕੇ ਉਨ੍ਹਾਂ ਨੂੰ ਆਪਣਾ ਅਧਿਆਪਨ ਦਾ ਕੰਮ ਛੱਡ ਕੇ ਰਸੋਈ ਦਾ ਕੰਮ ਸੰਭਾਲਣਾ ਪਿਆ ਹੈ। 


ਦਰਅਸਲ ਸੈਂਕੜੇ ਬੱਚਿਆਂ ਨੂੰ ਇੱਕੋ ਸਮੇਂ ਫੁੱਲੀਆਂ ਤੇ ਗਰਮਾ-ਗਰਮ ਪੂਰੀਆਂ ਪਰੋਸਣਾ ਸਿਰਫ਼ ਇੱਕ ਮਿਡ-ਡੇ ਵਰਕਰ ਦੇ ਵੱਸ ਦਾ ਕੰਮ ਨਹੀਂ। ਅਜਿਹੇ 'ਚ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਮਦਦ ਕਰਨੀ ਪੈ ਰਹੀ ਹੈ ਤਾਂ ਜੋ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ।


ਇਸ ਹੁਕਮ ਨੂੰ ਲਾਗੂ ਹੋਏ ਸਿਰਫ਼ ਇੱਕ ਹਫ਼ਤਾ ਬੀਤਿਆ ਹੈ ਪਰ ਅਧਿਆਪਕ ਯੂਨੀਅਨ ਨੇ ਇਸ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਯੂਨੀਅਨ ਨੇ ਹੁਕਮ ਲਾਗੂ ਹੁੰਦੇ ਹੀ ਇਹ ਮੁੱਦੇ ਸਰਕਾਰ ਅੱਗੇ ਰੱਖੇ ਸਨ। ਇਸ 'ਚ ਬਜਟ 'ਤੇ ਵੀ ਸਵਾਲ ਉਠਾਏ ਗਏ ਹਨ ਕਿ ਸਿਰਫ 7 ਰੁਪਏ 'ਚ ਬੱਚਿਆਂ ਨੂੰ ਪੂਰੀਆਂ ਤੇ ਛੋਲੇ ਦੇਣਾ ਆਸਾਨ ਨਹੀਂ।


ਡੀਟੀਐਫ ਪੰਜਾਬ ਦੇ ਮੁਖੀ ਬਿਕਰਮਦੇਵ ਸਿੰਘ ਨੇ ਕਿਹਾ ਕਿ ਨੀਤੀ ਬਣਾਉਣ ਸਮੇਂ ਬੱਚਿਆਂ ਦੀ ਸਿਹਤ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਭੇਜੇ ਪੱਤਰ ਵਿੱਚ ਬੱਚਿਆਂ ਦੀ ਸਿਹਤ ਸਬੰਧੀ ਵੀ ਸਵਾਲ ਉਠਾਏ ਗਏ ਹਨ। ਸਰਦੀਆਂ ਵਿੱਚ ਸਕੂਲਾਂ ਵਿੱਚ ਮਿਲਣ ਵਾਲਾ ਪਾਣੀ ਬਹੁਤ ਠੰਢਾ ਹੁੰਦਾ ਹੈ। ਜੇਕਰ ਬੱਚੇ ਇਸ ਪਾਣੀ ਨੂੰ ਤਲੀਆਂ ਪੂਰੀਆਂ ਖਾ ਕੇ ਪੀਂਦੇ ਹਨ ਤਾਂ ਉਹ ਬੀਮਾਰ ਹੋ ਜਾਣਗੇ। ਸਰਕਾਰ ਨੂੰ ਆਪਣੀ ਨੀਤੀ ਬਣਾਉਣ ਸਮੇਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ।