Gurdaspur : ਕਾਦੀਆਂ 'ਚ ਇੱਕ ਲੜਕੇ ਨੇ ਆਪਣੀ ਮਾਂ ਨੂੰ ਡੰਡਿਆਂ ਨਾਲ ਮਾਰ ਮਾਰ ਮੌਤ 'ਤੇ ਘਾਟ ਉਤਾਰ ਦਿੱਤਾ। ਇਹ ਘਟਨਾ ਪਿੰਡ ਸਮਰਾਏ ਵਿੱਚ ਵਾਪਰੀ ਹੈ। ਬੀਤੀ ਦੇਰ ਰਾਤ ਪੁੱਤਰ ਨੇ ਆਪਣੀ ਮਾਂ ਦੀ ਡੰਡੇ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਪਿਤਾ ਵੱਲੋਂ ਰਿਟਾਇਰਮੈਂਟ 'ਤੇ ਮਿਲੇ ਪੈਸੇ ਨਾ ਦੇਣਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਪੁੱਤਰ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਹਾਲੇ ਤੱਕ ਮੁਲਜ਼ਮ ਫਰਾਰ ਹੈ।


ਥਾਣਾ ਸ੍ਰੀਹਰਗੋਬਿੰਦਪੁਰ ਦੀ SHO ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਕੌਰ ਜਿਸ ਦੀ ਉਮਰ ਕਰੀਬ 62 ਸਾਲ ਹੈ ਉਸ ਦੇ ਦੂਜੇ ਲੜਕੇ ਰਛਪਾਲ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਰਛਪਾਲ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਉਹ 2 ਭਰਾ ਹਨ। ਪਿਤਾ ਮੰਗਤ ਰਾਮ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।


ਪਿਤਾ ਦੀ ਸੇਵਾਮੁਕਤੀ ਤੋਂ ਮਿਲੇ ਪੈਸੇ ਉਸ ਦੀ ਮਾਤਾ ਜਸਬੀਰ ਕੌਰ ਨੂੰ ਮਿਲੇ ਹਨ। ਉਸਦਾ ਛੋਟਾ ਭਰਾ ਸਤਪਾਲ ਮਸੀਹ ਮਜ਼ਦੂਰੀ ਕਰਦਾ ਹੈ। ਉਹ ਆਪਣੀ ਮਾਂ ਨਾਲ ਰਹਿੰਦਾ ਸੀ। ਰਛਪਾਲ ਸਿੰਘ ਅਨੁਸਾਰ ਸਤਪਾਲ ਮਸੀਹ ਪਿਛਲੇ ਕਾਫੀ ਸਮੇਂ ਤੋਂ ਉਸ ਦੀ ਮਾਂ 'ਤੇ ਦਬਾਅ ਪਾ ਰਿਹਾ ਸੀ ਕਿ ਉਹ ਆਪਣੇ ਪਿਤਾ ਦੀ ਨੌਕਰੀ ਤੋਂ ਮਿਲੇ ਪੈਸੇ ਉਸ ਨੂੰ ਦੇਵੇ ਪਰ ਉਸ ਦੀ ਮਾਂ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਸੀ।


ਸੋਮਵਾਰ ਰਾਤ ਨੂੰ ਫਿਰ ਸਤਪਾਲ ਨੇ ਜਦੋਂ ਮਾਂ ਤੋਂ ਪੈਸੇ ਮੰਗੇ ਤਾਂ ਉਸ ਦੀ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਤਪਾਲ ਨੇ ਆਪਣੀ ਮਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਮਾਤਾ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਣ ਲੱਗਾ। ਜਿਸ ਕਾਰਨ ਮਾਂ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਜਦੋਂ ਸਤਪਾਲ ਮਾਂ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਵੀ ਘਰ ਵਿੱਚ ਮੌਜੂਦ ਸੀ ਅਤੇ ਘਰ ਦੇ ਵਿਹੜੇ ਵਿੱਚ ਕੰਮ ਕਰਦੀ ਰਹੀ।


ਐਸਐਚਓ ਨੇ ਦੱਸਿਆ ਕਿ ਰਛਪਾਲ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਸਤਪਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਫ਼ਰਾਰ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ।