Amritsar News: ਡੀਜ਼ਲ ਆਟੋ ਤੇ ਜੁਗਾੜੂ ਈ-ਰਿਕਸ਼ਾ ਵਾਲੇ ਸਾਵਧਾਨ ਹੋਣ ਜਾਣ। ਅੰਮ੍ਰਿਤਸਰ ਵਿੱਚ ਜਲਦ ਹੀ ਇਨ੍ਹਾਂ ਉੱਪਰ ਬ੍ਰੇਕ ਲੱਗੇਗੀ। ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀਈਓ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਪਹਿਲ ’ਤੇ ਅੰਮ੍ਰਿਤਸਰ ਸ਼ਹਿਰ ਵਿੱਚ ‘ਰਾਹੀ ਸਕੀਮ’ ਅਧੀਨ ਈ-ਆਟੋ ਨੂੰ ਉਤਸ਼ਾਹਿਤ ਕਰਨ ਤੇ 15 ਸਾਲ ਪੁਰਾਣੇ ਡੀਜ਼ਲ ਆਟੋ ਤੇ ਜੁਗਾੜੂ ਈ-ਰਿਕਸ਼ਾ ਨੂੰ ਨਕੇਲ ਪਾਉਣ ਲਈ ਪੁਲਿਸ ਵਿਭਾਗ ਤੇ ਆਰਟੀਏ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਕਾਰਵਾਈ ਆਰੰਭੀ ਜਾਣੀ ਹੈ।


ਇਸ ਤੋਂ ਬਚਣ ਲਈ ਅਤੇ ‘ਰਾਹੀ ਸਕੀਮ’ ਅਧੀਨ ਮਿਲ ਰਹੇ ਵਿੱਤੀ ਲਾਭਾਂ ਦਾ ਫਾਇਦਾ ਉਠਾਉਂਦੇ ਹੋਏ ਜਲਦ ਤੋਂ ਜਲਦ ਈ-ਆਟੋ ਲਈ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਰਕਾਰ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਸ਼ਹਿਰ ਦੀ ਬਿਹਤਰੀ ਤੇ ਵਾਤਾਵਰਣ ਦੇ ਸਾਂਭ-ਸੰਭਾਲ ਲਈ ਆਪਣਾ ਯੋਗਦਾਨ ਪਾਉਣ।


ਦੱਸ ਦਈਏ ਕਿ ਸਰਕਾਰ ਵੱਲੋਂ ਵਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਗੁਰੂ ਨਗਰੀ ਵਿੱਚ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ‘ਰਾਹੀ ਸਕੀਮ’ ਹੇਠ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬਦਲ ਕੇ ਉਸ ਦੀ ਥਾਂ ਨਵੀਂ ਤੇ ਆਧੁਨਿਕ ਤਕਨੀਕ ਦੇ ਇਲੈਕਟ੍ਰਿਕ ਆਟੋ (ਈ-ਆਟੋ) ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਈ-ਆਟੋ ਲੈਣ ਵਾਲਿਆਂ ਨੂੰ 1.40 ਲੱਖ ਰੁਪਏ ਨਕਦ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਘਰ ਦੀ ਇੱਕ ਔਰਤ ਲਈ ਲੋਕ ਭਲਾਈ ਸਕੀਮਾਂ ਅਧੀਨ ਸਕਿਲ ਡਿਵੈਲਪਮੈਂਟ ਦੇ 4 ਵੱਖ-ਵੱਖ ਤਰ੍ਹਾਂ ਦੇ (ਸਿਲਾਈ-ਕਢਾਈ, ਕੰਪਿਊਟਰ, ਬਿਊਟੀ ਪਾਰਲਰ, ਕੂਕਰੀ ਕੋਰਸ) ਬਿਨ੍ਹਾਂ ਕਿਸੇ ਫੀਸ ਦੇ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ।  


ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਦੇ ਮਾਲਕਾਂ ਤੋਂ ਇਲਾਵਾ ਇਹ ਡੀਜ਼ਲ ਆਟੋ ਕਿਰਾਏ ’ਤੇ ਲੈ ਕੇ ਚਲਾਉਣ ਵਾਲੇ ਚਾਲਕ ਵੀ ਇਸ ਈ-ਆਟੋ ਰਾਹੀ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਤੇ ਜਿਹੜਾ ਵਾਹਨ ਉਹ ਚਲਾ ਰਹੇ ਹਨ, ਉਸ ਦੀ ਆਰਸੀ ਦੇ ਦਸਤਾਵੇਜ਼ ਦੇਣੇ ਹੋਣਗੇ। ਇਸ ਨਾਲ ਸਰਕਾਰ ਵੱਲੋਂ ਦਿੱਤੀ ਜਾ ਰਹੀ 1.25 ਲੱਖ ਰੁਪਏ ਦੀ ਨਗਦ ਸਬਸਿਡੀ ਦਾ ਲਾਭ ਉਠਾਇਆ ਜਾ ਸਕਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।