Amritsar News: ਅੰਮ੍ਰਿਤਸਰ ਦੇ ਬੀ ਡਿਵੀਜ਼ਨ ਥਾਣਾ ਖੇਤਰ ਵਿੱਚ ਸਥਿਤ ਤੇਜ ਨਗਰ ਵਿੱਚ ਇੱਕ ਵਿਆਹੁਤਾ ਦੇ ਦੇਰ ਨਾਲ ਉੱਠਣ ਨੂੰ ਲੈ ਕੇ ਹੋਏ ਝਗੜੇ ਨੇ ਖੂਨੀ ਰੂਪ ਲੈ ਲਿਆ। ਲੜਕੀ ਦੇ ਸਹੁਰੇ ਨੇ ਆਪਣੇ ਕੁੜਮ ਤੇ ਉਸ ਦੇ ਨਾਬਾਲਗ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਹਰਜੀਤ ਸਿੰਘ ਵਾਸੀ ਤੇਜ ਨਗਰ ਨੂੰ ਗ੍ਰਿਫ਼ਤਾਰ ਕਰਕੇ ਪਿਸਤੌਲ ਬਰਾਮਦ ਕਰਕੇ ਉਸ ਖ਼ਿਲਾਫ਼ ਦੋਹਰੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ (55) ਤੇ ਗੁਰਪ੍ਰੀਤ ਸਿੰਘ (17) ਵਾਸੀ ਤੇਜ ਨਗਰ ਚੌਕ ਵਜੋਂ ਹੋਈ ਹੈ। 



ਸਥਾਨਕ ਲੋਕਾਂ ਨੇ ਦੱਸਿਆ ਕਿ ਐਤਵਾਰ ਰਾਤ ਹਰਜੀਤ ਸਿੰਘ ਤੇ ਦਲਜੀਤ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮ੍ਰਿਤਕ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਵਾਸੀ ਤੇਜ ਨਗਰ ਚੌਕ ਨੇ ਦੱਸਿਆ ਕਿ ਉਸ ਦੇ ਭਰਾ ਨੇ ਆਪਣੀ ਲੜਕੀ ਦਾ ਵਿਆਹ 6 ਮਹੀਨੇ ਪਹਿਲਾਂ ਸੰਧੂ ਬਿਲਡਿੰਗ ਮਟੀਰੀਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਪੁੱਤਰ ਨਵਜੋਤ ਸਿੰਘ ਵਾਸੀ ਤੇਜ ਨਗਰ ਨਾਲ ਕੀਤਾ ਸੀ। ਉਸ ਦੀ ਧੀ ਹੁਣ ਗਰਭਵਤੀ ਸੀ। ਗਰਭਵਤੀ ਵਿਆਹੁਤਾ ਦੇ ਸਵੇਰੇ ਦੇਰ ਨਾਲ ਜਾਗਣ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਝਗੜਾ ਹੋ ਗਿਆ। 


ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਇਸ ਗੱਲ ਤੋਂ ਖਫਾ ਸੀ ਕਿ ਗਰਭਵਤੀ ਵਿਆਹੁਤਾ ਸਵੇਰੇ ਛੇ ਵਜੇ ਦੀ ਬਜਾਏ ਅੱਠ ਵਜੇ ਉੱਠਦੀ ਹੈ। ਲੜਕੀ ਵਾਲਿਆਂ ਦਾ ਕਹਿਣਾ ਸੀ ਕਿ ਨਵਾਂ ਵਿਆਹ ਹੋਇਆ ਹੈ। ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਬੇਟੀ ਵੀ ਗਰਭਵਤੀ ਹੈ, ਇਸ ਲਈ ਉਸ ਦਾ ਧਿਆਨ ਰੱਖਿਆ ਜਾਵੇ। ਇਸ ਮੁੱਦੇ 'ਤੇ ਦੋਵੇਂ ਧਿਰਾਂ ਆਪਸ 'ਚ ਭਿੜ ਗਈਆਂ। 


ਗੁਰਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਸ ਨੇ ਆਪਣੀ ਪਤਨੀ ਨਾਲ ਕਿਤੇ ਜਾਣਾ ਸੀ। ਇਸ ਦੌਰਾਨ ਉਸ ਨੂੰ ਫੋਨ ਆਇਆ ਕਿ ਉਸ ਦੇ ਭਰਾ ਦਲਜੀਤ ਸਿੰਘ ਨੂੰ ਗੋਲੀ ਲੱਗੀ ਹੈ। ਜਦੋਂ ਉਹ ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਦਲਜੀਤ ਸਿੰਘ ਦੇ 17 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਵੀ ਹਰਜੀਤ ਸਿੰਘ ਨੇ ਗੋਲੀ ਮਾਰ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਗੁਆਂਢੀਆਂ ਨੇ ਪਿਓ-ਪੁੱਤ ਨੂੰ ਤੁਰੰਤ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਪੁੱਤਰ ਦੀ ਸੋਮਵਾਰ ਸ਼ਾਮ ਕਰੀਬ 7 ਵਜੇ ਅਮਨਦੀਪ ਹਸਪਤਾਲ 'ਚ ਮੌਤ ਹੋ ਗਈ।


ਸੀਆਈਏ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਤੇ ਉਸ ਦੇ ਪਿਤਾ ਦਲਜੀਤ ਸਿੰਘ ਨੂੰ ਤੇਜ ਨਗਰ ਵਿੱਚ ਪਰਿਵਾਰਕ ਝਗੜੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ 'ਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।