Amritsar News: ਮੁੱਖ ਮੰਤਰੀ ਭਗਵੰਤ ਮਾਨ ਦਾ 'ਛੱਲਾ' ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਸੀਐਮ ਮਾਨ (CM Mann) ਦੇ 'ਛੱਲੇ' ਨੂੰ ਬੇਤਾਲ ਦੱਸਦਿਆਂ ਗੰਭੀਰ ਸਵਾਲ ਉਠਾਏ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਰਾਜ ਭਵਨ ਵਿੱਚ ਗਾਏ ‘ਛੱਲੇ’ ’ਤੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਤਨਜ਼ ਕਸਿਆ ਹੈ। 


ਮਜੀਠੀਆ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ‘ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ’। ਉਨ੍ਹਾਂ ਕਿਹਾ, ‘ਮਾਨ ਸਾਹਿਬ ਰੱਜ-ਰੱਜ ਕੇ ਛੱਲੇ ਗਾਓ ਪਰ ਤੁਸੀਂ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਉਹ ਸੜਕਾਂ ’ਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ।’ ਉਨ੍ਹਾਂ ਕਿਹਾ ਕਿ ‘ਆਪ’ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਪੱਕੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ‘ਪੰਜਾਬ ’ਚ ਚੁਫੇਰੇ ਬਦਅਮਨੀ ਫੈਲੀ ਹੋਈ ਹੈ ਤੇ ਭਗਵੰਤ ਮਾਨ ‘ਛੱਲਾ’ ਗਾਉਣ ਲੱਗੇ ਹੋਏ ਹਨ।









 



ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ’ਚ ਰੱਖੇ ਸਮਾਗਮ ਦੌਰਾਨ ‘ਛੱਲਾ’ ਸੁਣਾ ਕੇ ਰੰਗ ਬੰਨ੍ਹਿਆ ਸੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਨੂੰ ਜੱਫੀ ਪਾ ਕੇ ਆਸ਼ੀਰਵਾਦ ਦਿੱਤਾ ਸੀ। ਇਸ ਤਰ੍ਹਾਂ ਗਣਤੰਤਰ ਦਿਵਸ ਵਾਲੇ ਦਿਨ ਮੁੱਖ ਮੰਤਰੀ ਵੱਲੋਂ ਸੁਣਾਇਆ ‘ਛੱਲਾ’ ਦੋਵਾਂ ਵਿਚਾਲੇ ਪਿਛਲੇ ਸਮੇਂ ਚੱਲ ਰਹੀ ਖਟਾਸ ’ਚ ਮਿਠਾਸ ਭਰਨ ਦਾ ਕੰਮ ਕਰਦਾ ਨਜ਼ਰ ਆਇਆ। 


ਹਾਸਲ ਜਾਣਕਾਰੀ ਅਨੁਸਾਰ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਰਾਜ ਭਵਨ ’ਚ ਸਮਾਗਮ ਰੱਖਿਆ ਗਿਆ ਸੀ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ ਮੰਤਰੀਆਂ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੇ ਸਮਾਜ ਸੇਵੀਆਂ ਨੂੰ ਸੱਦਿਆ ਗਿਆ ਸੀ। ਇਸ ਮੌਕੇ ਸੰਗੀਤਕ ਪ੍ਰੋਗਰਾਮ ਵੀ ਰੱਖਿਆ ਗਿਆ ਸੀ। 


ਸੰਗੀਤਕਾਰ ਜਦੋਂ ਪ੍ਰੋਗਰਾਮ ਪੇਸ਼ ਕਰ ਰਹੇ ਸਨ ਤਾਂ ਉਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ’ਤੇ ਚੜ੍ਹ ਕੇ ਮਾਈਕ ਸਾਂਭ ਲਿਆ ਤੇ ਸਾਰਿਆਂ ਨੂੰ ‘ਛੱਲਾ’ ਗਾ ਕੇ ਸੁਣਾਇਆ। ਮੁੱਖ ਮੰਤਰੀ ਨੇ ‘ਛੱਲਾ’ ਸੁਣਾਉਂਦੇ-ਸੁਣਾਉਂਦੇ ਸਾਰਿਆਂ ਨੂੰ ਧੀਆਂ-ਪੁੱਤਾਂ ਵਿੱਚ ਕੋਈ ਫਰਕ ਨਾ ਕਰਦਿਆਂ ਦੋਵਾਂ ਨੂੰ ਬਰਾਬਰ ਦਰਜਾ ਦੇਣ ਦੀ ਅਪੀਲ ਵੀ ਕੀਤੀ। 


ਮੁੱਖ ਮੰਤਰੀ ਦੇ ਗੀਤ ਦਾ ਰਾਜ ਭਵਨ ’ਚ ਹਾਜ਼ਰ ਰਾਜਪਾਲ ਪੁਰੋਹਿਤ ਸਮੇਤ ਸਾਰੇ ਲੋਕਾਂ ਨੇ ਆਨੰਦ ਮਾਨਿਆ। ਮੁੱਖ ਮੰਤਰੀ ਭਗਵੰਤ ਮਾਨ ਆਪਣਾ ਗੀਤ ਖਤਮ ਕਰਕੇ ਸਟੇਜ ਤੋਂ ਹੇਠਾਂ ਉੱਤਰੇ ਤਾਂ ਰਾਜਪਾਲ ਸ੍ਰੀ ਪੁਰੋਹਿਤ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਆਸ਼ੀਰਵਾਦ ਦਿੱਤਾ। ਉਸ ਤੋਂ ਬਾਅਦ ਭਗਵੰਤ ਮਾਨ ਰਾਜ ਭਵਨ ਤੋਂ ਰਵਾਨਾ ਹੋ ਗਏ।