Amritsar News: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇੱਕ ਨਵ-ਜੰਮੇ ਬੱਚੇ ਨੂੰ ਅਗਵਾ ਕਰਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਇੱਕ ਔਰਤ ਨੇ ਬਣਾਈ ਸੀ। ਉਹ ਖੁਦ ਮਾਂ ਨਹੀਂ ਬਣ ਸਕਦੀ ਸੀ ਤੇ ਇਸ ਲਈ ਉਸ ਨੇ ਹਸਪਤਾਲ ਤੋਂ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਔਰਤ ਨੇ ਆਪਣੇ ਜੀਜਾ ਤੇ ਦੋਸਤ ਨਾਲ ਮਿਲ ਕੇ ਬੱਚੇ ਨੂੰ ਅਗਵਾ ਕਰ ਲਿਆ।



ਹਾਸਲ ਜਾਣਕਾਰੀ ਮੁਤਾਬਕ ਬੱਚਾ ਅਗਵਾ ਕਰਨ ਵਾਲੀ ਔਰਤ ਤੇ ਉਸ ਦੇ ਦੋ ਸਾਥੀਆਂ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਪੁਲਿਸ ਦੇ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਸ਼ੱਕੀ ਔਰਤ ਫਿਲਹਾਲ ਫਰਾਰ ਹੈ ਤੇ ਉਸ ਨੂੰ ਕਾਬੂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਗਵਾ ਕੀਤਾ ਬੱਚਾ ਵੀ ਉਸ ਦੇ ਕੋਲ ਹੀ ਹੈ। 



ਪੁਲਿਸ ਨੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਸ ਵਿੱਚ ਔਰਤ ਦਾ ਜੀਜਾ ਤੇ ਉਸ ਦਾ ਦੋਸਤ ਸ਼ਾਮਲ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰੌਕੀ ਉਰਫ ਜੇਮਸ ਤੇ ਉਸ ਦੇ ਦੋਸਤ ਕਰਨ ਵਾਸੀ ਬਟਾਲਾ ਵਜੋਂ ਹੋਈ ਹੈ। ਇਸ ਘਟਨਾ ਵਿੱਚ ਮੁੱਖ ਸ਼ੱਕੀ ਵਿਅਕਤੀ ਵਜੋਂ ਔਰਤ ਬੌਬੀ ਤੇ ਉਸ ਦੇ ਪਤੀ ਬੰਟੀ ਵਜੋਂ ਹੋਈ ਹੈ ਜੋ ਫਿਲਹਾਲ ਫਰਾਰ ਹਨ। 


ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਪੁਲਿਸ ਵੱਲੋਂ ਬੱਚੇ ਨੂੰ ਲੱਭਣ ਤੇ ਅਗਵਾਕਾਰ ਔਰਤ ਬੌਬੀ ਤੇ ਉਸ ਦੇ ਪਤੀ ਬੰਟੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਟੀ ਨਾਲ ਬੌਬੀ ਦਾ ਇਹ ਦੂਜਾ ਵਿਆਹ ਸੀ। ਉਹ ਆਪਣੇ ਬੱਚਿਆਂ ਨੂੰ ਪਹਿਲੇ ਪਤੀ ਕੋਲ ਛੱਡ ਗਈ ਸੀ। ਉਹ ਹੁਣ ਮਾਂ ਨਹੀਂ ਬਣ ਸਕਦੀ ਤੇ ਉਨ੍ਹਾਂ ਨੇ ਹਸਪਤਾਲ ਤੋਂ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ। 


ਦੱਸ ਦਈਏ ਕਿ ਐਤਵਾਰ ਤੜਕੇ ਲਗਪਗ 3 ਵਜੇ ਜੀਐਨਡੀਐਚ ਤੋਂ ਇੱਕ ਨਵਜੰਮੇ ਲੜਕੇ ਨੂੰ ਇੱਕ ਔਰਤ ਤੇ ਉਸ ਦੇ ਦੋ ਸਾਥੀਆਂ ਨੇ ਅਗਵਾ ਕਰ ਲਿਆ ਸੀ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ ਹੈ। ਅਗਵਾ ਕੀਤੇ ਬੱਚੇ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੇ 6 ਅਕਤੂਬਰ ਨੂੰ ਸਿਜ਼ੇਰੀਅਨ ਆਪ੍ਰੇਸ਼ਨ ਨਾਲ ਬੱਚੇ ਨੂੰ ਜਨਮ ਦਿੱਤਾ ਸੀ।