Amritsar News: ਖਾਲਿਸਤਾਨੀ ਪੱਖੀ ਪਰਮਜੀਤ ਸਿੰਘ ਪੰਜਵੜ (Paramjit Panjwar) ਦੀ ਲਾਹੌਰ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੰਜਵੜ (63) ਪਾਬੰਦੀਸ਼ੁਦਾ ‘ਖਾਲਿਸਤਾਨ ਕਮਾਂਡੋ ਫੋਰਸ-ਪੰਜਵੜ ਗਰੁੱਪ’ ਦੀ ਅਗਵਾਈ ਕਰ ਰਿਹਾ ਸੀ ਤੇ ਨਸ਼ਿਆਂ-ਹਥਿਆਰਾਂ ਦੀ ਤਸਕਰੀ ਤੇ ਹੋਰ ਦਹਿਸ਼ਤੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸ ਨੂੰ ਭਾਰਤ ਵਿਚ ਯੂਏਪੀਏ ਕਾਨੂੰਨ ਤਹਿਤ 2020 ਵਿੱਚ ਅਤਿਵਾਦੀ ਗਰਦਾਨਿਆ ਗਿਆ ਸੀ। 


ਬੇਸ਼ੱਕ ਪਰਮਜੀਤ ਪੰਜਵੜ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਪਰ ਉਸ ਦੀ ਵੀ ਦਰਦਨਾਕ ਕਹਾਣੀ ਹੈ। ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਕਬੱਡੀ ਦਾ ਚੰਗਾ ਖਿਡਾਰੀ ਸੀ। ਇਸ ਦੇ ਬਾਵਜੂਦ ਉਸ ਨੇ ਅੱਤਵਾਦ ਦਾ ਰਾਹ ਚੁਣਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦੇ ਭਰਾ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਸ ਦੀ ਮਾਂ ਦਾ ਵੀ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਸ ਦੇ ਪਰਿਵਾਰ ਉੱਪਰ ਵੀ ਸੁਰੱਖਿਆ ਏਜੰਸੀਆਂ ਨੇ ਕਾਫੀ ਸਖਤੀ ਵਰਤੀ ਸੀ ਪਰ ਅੱਜ ਉਸ ਦੇ ਤਿੰਨ ਭਰਾ ਆਪਣਾ ਜੀਵਨ ਬਸਰ ਕਰ ਰਹੇ ਹਨ।


ਦੱਸ ਦਈਏ ਕਿ ਪਰਮਜੀਤ ਪੰਜਵੜ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ। ਜੱਦੀ ਪਿੰਡ ਪੰਜਵੜ ਵਿੱਚ ਉਸ ਦਾ ਘਰ ਵੀ ਹੈ ਤੇ ਪਿੰਡ ਵਿੱਚ ਉਸ ਦੇ ਭਰਾ ਰਹਿ ਰਹੇ ਹਨ। ਪਿੰਡ ਵਿੱਚ ਰਹਿੰਦੇ ਭਰਾਵਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਰਮਜੀਤ ਸਿੰਘ ਦੀ ਦੇਹ ਨੂੰ ਭਾਰਤ ਮੰਗਵਾ ਕੇ ਪਰਿਵਾਰ ਨੂੰ ਸੌਂਪਣ ਤਾਂ ਕਿ ਉਹ ਅੰਤਿਮ ਸੰਸਕਾਰ ਸਿੱਖੀ ਰਹੁ-ਰੀਤਾਂ ਨਾਲ ਕਰ ਸਕਣ। 



ਹਾਸਲ ਜਾਣਕਾਰੀ ਮੁਤਾਬਕ ਪੰਜਵੜ ਦੇ ਪੰਜ ਭਰਾ ਸਨ ਜਿਨ੍ਹਾਂ ਵਿੱਚੋਂ ਉਸ ਵੇਲੇ ਸਾਰਿਆਂ ਤੋਂ ਛੋਟੇ ਭਰਾ ਰਾਜਵਿੰਦਰ ਸਿੰਘ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਬਿਰਧ ਮਾਤਾ ਮਹਿੰਦਰ ਕੌਰ ਦਾ ਅੱਜ ਤੱਕ ਵੀ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਪਰਮਜੀਤ ਪੰਜਵੜ ਦੇ ਭਰਾਵਾਂ ਸਰਬਜੀਤ ਸਿੰਘ (70), ਬਲਦੇਵ ਸਿੰਘ (68) ਤੇ ਅਮਰਜੀਤ ਸਿੰਘ (66) ਨੇ ਘਟਨਾ ਦੀ ਸੂਚਨਾ ਮਿਲਣ ’ਤੇ ਪਿੰਡ ਪੁੱਜੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਉਤੇ ਪੁਲਿਸ ਵੱਲੋਂ ਉਨ੍ਹਾਂ ਸਮਿਆਂ ਵਿੱਚ ਕਾਫ਼ੀ ਤਸ਼ੱਦਦ ਕੀਤਾ ਗਿਆ ਸੀ। 


ਪਰਮਜੀਤ ਨੂੰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਾਉਂਦੇ ਰਹੇ ਅਧਿਆਪਕ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਕਬੱਡੀ ਦਾ ਵਧੀਆ ਖਿਡਾਰੀ ਸੀ। ਪਰਮਜੀਤ ਪੰਜਵੜ ਦੀ ਮੌਤ ਬਾਰੇ ਪਤਾ ਲੱਗਦਿਆਂ ਹੀ ਤਰਨ ਤਾਰਨ ਜ਼ਿਲ੍ਹੇ ਦੇ ਇਸ ਪਿੰਡ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰਾਂ ਕੋਲ ਹਮਦਰਦੀ ਜ਼ਾਹਿਰ ਕਰਨ ਲਈ ਆਉਣੇ ਸ਼ੁਰੂ ਹੋ ਗਏ। ਪਿੰਡ ਦੇ ਲੋਕਾਂ ਨੇ ਵੀ ਪਰਮਜੀਤ ਸਿੰਘ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।