Amritsar News: ਯੂਕੇ ਵਾਸੀ ਪਰਮਜੀਤ ਸਿੰਘ ਉਰਫ ਢਾਡੀ (Paramjit Singh alias Dhadi) ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਪੁਲਿਸ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲਿਸ ਵੱਲੋਂ ਇਸ ਕੇਸ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪਰਮਜੀਤ ਸਿੰਘ ਉਰਫ ਢਾਡੀ ਨੂੰ 5 ਦਸੰਬਰ ਨੂੰ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਪੁਲਿਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਯੂਕੇ ਵਾਪਸ ਜਾ ਰਹੇ ਸੀ। 



ਦੱਸ ਦਈਏ ਕਿ ਉਨ੍ਹਾਂ ’ਤੇ ਪਾਕਿਸਤਾਨ ਵਿੱਚ ਰਹਿੰਦੇ ਲਖਬੀਰ ਸਿੰਘ ਰੋਡੇ ਨਾਲ ਸਬੰਧ ਹੋਣ ਸਣੇ ਕਈ ਹੋਰ ਦੋਸ਼ ਲਾਏ ਗਏ ਸਨ। ਰਿਹਾਅ ਹੋਣ ਮਗਰੋਂ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਗਲਤ ਪਛਾਣ ਦਾ ਮਾਮਲਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਲਖਬੀਰ ਸਿੰਘ ਰੋਡੇ ਨੂੰ ਉਸ ਵੇਲੇ ਮਿਲੇ ਸੀ ਜਦੋਂ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸੀ। 


ਉਨ੍ਹਾਂ ਨੇ ਦੱਸਿਆ ਕਿ ਉਹ ਜਲੰਧਰ ਨੇੜੇ ਆਪਣੇ ਜੱਦੀ ਪਿੰਡ ਵਿੱਚ ਜ਼ਮੀਨ ਜਾਇਦਾਦ ਦੀ ਦੇਖਭਾਲ ਲਈ ਅਕਸਰ ਆਉਂਦੇ ਰਹਿੰਦੇ ਹਨ। ਨਾਂ ਬਦਲਣ ਬਾਰੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਿੰਘ ਦੇ ਨਾਂ ’ਤੇ ਉਨ੍ਹਾਂ ਕੋਲ ਕਾਨੂੰਨੀ ਪਾਸਪੋਰਟ ਹੈ ਤੇ ਉਹ ਪਿਛਲੇ ਇੱਕ ਦਹਾਕੇ ਤੋਂ ਇਸੇ ਪਾਸਪੋਰਟ ’ਤੇ ਹੀ ਆ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਚੁੱਪੀ ਧਾਰੀ ਹੋਈ ਹੈ।



ਦਰਅਸਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਵਿੱਚ ਹਾਰਟ ਅਟੈਕ ਨਾਲ ਮਾਰੇ ਗਏ ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦੇ ਕਰੀਬੀ ਸਾਥੀ ਪਰਮਜੀਮ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਅੱਤਵਾਦੀਆਂ ਦੀ ਭਰਤੀ ਕਰਨ, ਫੰਡਿੰਗ ਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। 


ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਖੁਦ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਪਰਮਜੀਤ ਸਿੰਘ, ਇੱਕ ਬ੍ਰਿਟਿਸ਼ ਨਾਗਰਿਕ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦਾ ਸੰਸਥਾਪਕ ਮੈਂਬਰ ਹੈ, ਜੋ 90 ਦੇ ਮੁੱਢਲੇ ਦਹਾਕੇ ਵਿੱਚ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਤੇ ਬਾਅਦ ’ਚ 2003 ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


ਉਹ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਸ਼ੀ ਯੂਕੇ ਵਾਪਸ ਪਰਤਿਆ ਪਰ ਯੂਕੇ ਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਸੰਗਠਨ ਲਈ ਇੱਕ ਪ੍ਰੇਰਕ, ਭਰਤੀ ਕਰਨ ਵਾਲੇ ਤੇ ਫੰਡ ਇਕੱਠਾ ਕਰਨ ਵਾਲੇ ਮੈਂਬਰ ਵਜੋਂ ਕੰਮ ਕਰਦਿਆਂ ਉਸ ਨੇ ਆਈਐਸਵਾਈਐਫ. ਵਿੱਚ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ।