Amritsar News: ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਨਹੀਂ ਲੱਗ ਰਿਹਾ। ਬੇਸ਼ੱਕ ਪੰਜਾਬ ਸਰਕਾਰ ਤੇ ਪੁਲਿਸ ਲੱਖ ਦਾਅਵੇ ਕਰ ਰਹੀ ਹੈ ਪਰ ਪਿੰਡਾਂ ਦੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਨਸ਼ਾ ਆਮ ਵਿਕ ਰਿਹਾ ਹੈ। ਆਸਾਨੀ ਨਾਲ ਨਸ਼ਾ ਮਿਲਣ ਕਰਕੇ ਨੌਜਵਾਨ ਮੁੰਡੇ-ਕੁੜੀਆਂ ਇਸ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਇਸ ਦੀ ਪੁਸ਼ਟੀ ਪਿਛਲੇ ਦਿਨੀਂ ਵਾਇਰਲ ਹੋਈਆਂ ਕਈ ਵੀਡੀਓ ਤੋਂ ਹੁੰਦੀ ਹੈ। 


ਹੁਣ ਤਾਜ਼ਾ ਵੀਡੀਓ ਅੰਮ੍ਰਿਤਸਰ ਤੋਂ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਕਥਿਤ ਤੌਰ ’ਤੇ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਨਜ਼ਰ ਆ ਰਹੇ ਹਨ। ਭਾਵੇਂ ਕਿ ਇਸ ਦੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਪਰ ਇਹ ਵੀਡੀਓ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


ਇਸ ਵੀਡੀਓ ਵਿੱਚ ਪੰਜ ਨੌਜਵਾਨ ਰਾਤ ਵੇਲੇ ਲੱਤ ਦੀਆਂ ਨਸਾਂ ਵਿੱਚ ਟੀਕਾ ਲਾਉਂਦੇ ਨਜ਼ਰ ਆ ਰਹੇ ਹਨ। ਇਸ ਨਵੀਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਇਸ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਤੇ ਵਰਤੋਂ ਜਾਰੀ ਹੈ। ਇਸ ਤੋਂ ਪਹਿਲਾਂ ਵੀ ਚਮਰੰਗ ਰੋਡ, ਮਕਬੂਲਪੁਰਾ ਤੇ ਹੋਰ ਨੇੜਲੇ ਇਲਾਕਿਆਂ ਵਿੱਚ ਅਜਿਹਾ ਨਸ਼ਾ ਕਰਦੇ ਲੋਕਾਂ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। 


ਦੱਸ ਦਈਏ ਕਿ ਮਕਬੂਲਪੁਰਾ ਇਲਾਕੇ ਵਿੱਚ ਤਾਂ ਇਕ ਨਵਵਿਆਹੀ ਕੁੜੀ ਦੀ ਨਸ਼ੇ ’ਚ ਧੁੱਤ ਵਾਲੀ ਹਾਲਤ ਵਿੱਚ ਵੀਡੀਓ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ ਤੇ ਇਸ ਕੁੜੀ ਨੂੰ ਕਾਬੂ ਵੀ ਕੀਤਾ ਸੀ। ਇਨ੍ਹਾਂ ਇਲਾਕਿਆਂ ਵਿੱਚੋਂ ਪੁਲਿਸ ਵੱਲੋਂ ਨਸ਼ਾ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਇੱਥੇ ਨਸ਼ੇ ਦੀ ਵਰਤੋਂ ਤੇ ਵਿਕਰੀ ਜਾਰੀ ਹੈ।


ਇਸ ਬਾਰੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਇਸ ਕੋਹੜ ਨੂੰ ਖਤਮ ਕਰਨ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ।