Amritsar News: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 10 ਜਨਵਰੀ ਨੂੰ ਆਰੰਭ ਕੀਤਾ ਜਾਵੇਗਾ। ਇਹ ਪ੍ਰਕਾਸ਼ ਪੁਰਬ 17 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੌਮੀ ਪੱਧਰ ’ਤੇ ਮਨਾਇਆ ਜਾਵੇਗਾ। ਇਹ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸੰਪੂਰਨ ਹੋਵੇਗਾ। 


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 17 ਜਨਵਰੀ ਨੂੰ ਕੀਤੇ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਸਮਾਗਮ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥੇ ਹਾਜ਼ਰੀ ਭਰਨਗੇ ਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ। 


ਉਨ੍ਹਾਂ ਦੱਸਿਆ ਕਿ 10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਦਾ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਕਤਲਗੜ੍ਹ, ਚਮਕੌਰ ਸਾਹਿਬ ਵਿਖੇ ਹੋਵੇਗਾ, 11 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, 12 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੈਹਦੇਆਣਾ, 13 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ, 14 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ, 15 ਜਨਵਰੀ ਨੂੰ ਗੁਰਦੁਆਰਾ ਸ੍ਰੀ ਹਾਜੀਰਤਨ ਬਠਿੰਡਾ ਤੇ ਨਗਰ ਕੀਰਤਨ 16 ਜਨਵਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇਗਾ। 


ਐਡਵੋਕੇਟ ਧਾਮੀ ਨੇ ਦੱਸਿਆ ਕਿ 17 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੁੱਖ ਸਮਾਗਮ ਹੋਵੇਗਾ ਤੇ 18 ਜਨਵਰੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ।