ਅੰਮ੍ਰਿਤਸਰ : ਜੰਡਿਆਲਾ ਗੁਰੂ ਹਲਕੇ ਵਿੱਚ ਪੈਂਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਵਿਖੇ ਦਿਵਿਆਂਗ ਵਿਅਕਤੀਆਂ ਦੇ ਸਹੂਲਤ ਲਈ ਰੈਂਪ, ਟਾਇਲੈਟ, ਪਾਰਕਿੰਗ ਅਤੇ ਫਲੋਰਿੰਗ ਦੇ ਕੰਮ ਦਾ ਉਦਘਾਟਨ ਕਰਦਿਆਂ ਹੋਇਆਂ ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਬੀ.ਡੀ.ਪੀ.ਓ. ਦਫ਼ਤਰ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਤੇ ਤਕਰੀਬਨ 18.61 ਲੱਖ ਰੁਪਏ ਖਰਚ ਆਉਣਗੇ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ। 


ਈ.ਟੀ.ਓ. ਨੇ ਦੱਸਿਆ ਕਿ ਸੂਬੇ ਭਰ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਦਿਵਿਆਂਗ ਵਿਅਕਤੀਆਂ ਦੀ ਮਦਦ ਲਈ ਰੈਂਪ ,ਟਾਇਲੈਟ ਆਦਿ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਜਾਂਦੇ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ।  


ਲੋਕ ਨਿਰਮਾਣ ਮੰਤਰੀ ਪੰਜਾਬ ਵਲੋਂ ਜੰਡਿਆਲਾ ਗੁਰੂ ਹਲਕਾ ਵਿਖੇ ਜੰਡਿਆਲਾ ਲੰਕ ਸੜ੍ਹਕ ਜੀ.ਟੀ. ਰੋਡ ਤੋਂ ਨਰਾਇਣਗੜ੍ਹ ਤੱਕ ਜਾਂਦੀ ਸੜ੍ਹਕ ਜਿਸਦੀ ਚੌੜਾਈ 10 ਫੁੱਟ ਸੀ ਨੂੰ 18 ਫੁੱਟ ਕਰਨ ਦੇ ਕੰਮ ਦਾ ਵੀ ਉਦਘਾਟਨ ਕੀਤਾ ਅਤੇ ਦੱਸਿਆ ਕਿ ਇਸ ਸੜ੍ਹਕ ਨੂੰ ਬਣਾਉਣ ’ਤੇ 1 ਕਰੋੜ 21 ਲੱਖ ਰੁਪਏ ਖਰਚ ਆਉਣਗੇ ਅਤੇ ਇਸ ਸੜ੍ਹਕ ਦੀ ਮੁਰੰਮਤ ਹੋਣ ਨਾਲ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜਾਤ ਮਿਲੇਗੀ। 
 


ਈ.ਟੀ.ਓ. ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮਿਠ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿੱਥੇ ਸਮੇਂ ਅੰਦਰ ਕੰਮ ਪੂਰਾ ਕਰਨ ਦੀਆਂ ਹਦਾਇਤ ਕੀਤੀ। 


ਇਸ ਮੌਕੇ ਕੈਬਨਿਟ ਮੰਤਰੀ ਵਲੋਂ ਨਰਾਇਣਗੜ੍ਹ ਵਿਖੇ ਸ਼ਮਸ਼ਾਨ ਘਾਟ ਦੀ ਮੁਰੰਮਤ ਲਈ 4 ਲੱਖ ਰੁਪਏ ਅਤੇ ਨਰਾਇਣਗੜ੍ਹ ਪ੍ਰਾਇਮਰੀ ਸਕੂਲ ਦੀ ਮੁਰੰਮਤ ਲਈ ਵੀ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ। 


ਇਸ ਮੌਕੇ ਐਸ .ਈ. ਪੀ.ਡਬਲਯੂ.ਡੀ.  ਇੰਦਰਜੀਤ ਸਿੰਘ, ਬੀ.ਡੀ.ਪੀ.ਓ. ਅਜਨਾਲਾ, ਪ੍ਰਧਾਨ ਮਹਿਲਾ ਵਿੰਗ ਜੰਡਿਆਲਾ  ਸੁਨੈਨਾ ਰੰਧਾਵਾ , ਡਾ. ਸੁਖਵਿੰਦਰ ਸਿੰਘ ,  ਸਰਭਜੀਤ ਸਿੰਘ,  ਅਨਮੋਲਜੀਤ ਸਿੰਘ,  ਗੁਰਪਾਲ ਸਿੰਘ, ਜਗਦੀਸ਼ ਸਿੰਘ, ਸੂਬੇਦਾਰ ਸ਼ਨਾਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।