Punjab News: ਅੰਮ੍ਰਿਤਸਰ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਸਬੰਧ ਵਿੱਚ ਭਾਜਪਾ ਵੱਲੋਂ ਗਠਿਤ 6 ਮੈਂਬਰੀ ਵਫ਼ਦ ਅੱਜ ਅੰਮ੍ਰਿਤਸਰ ਪਹੁੰਚਿਆ। ਇਹ ਵਫ਼ਦ ਮੌਕੇ 'ਤੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰੇਗਾ ਤੇ ਇਸਨੂੰ ਭਾਜਪਾ ਲੀਡਰਸ਼ਿਪ ਨੂੰ ਸੌਂਪੇਗਾ।
ਆਮ ਆਦਮੀ ਪਾਰਟੀ ਨੂੰ ਠਹਿਰਾਇਆ ਜ਼ਿੰਮੇਵਾਰ
ਟੀਮ ਲੀਡਰ ਤੇ ਰਾਜ ਸਭਾ ਮੈਂਬਰ ਬ੍ਰਿਜ ਲਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਇਹ ਸਿਰਫ਼ ਇੱਕ ਵਿਅਕਤੀ ਦਾ ਕੰਮ ਨਹੀਂ ਹੈ, ਸਗੋਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਮੁੱਦੇ 'ਤੇ ਚੁੱਪ ਹਨ ਤੇ ਸਿਰਫ਼ ਚੋਣ ਰਾਜਨੀਤੀ ਵਿੱਚ ਰੁੱਝੇ ਹੋਏ ਹਨ। ਭਾਜਪਾ ਆਗੂਆਂ ਨੇ ਇਸ ਘਟਨਾ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸਨੂੰ ਅਨੁਸੂਚਿਤ ਜਾਤੀਆਂ ਦਾ ਅਪਮਾਨ ਕਿਹਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਕੀ ਕਿਹਾ ?
ਜ਼ਿਲ੍ਹਾ ਪ੍ਰਸ਼ਾਸਨ ਨੇ ਡਾ. ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕਣ ਦਾ ਵੀ ਐਲਾਨ ਕੀਤਾ ਹੈ। ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਸਥਿਤ ਹੋਰ ਮਹਾਂਪੁਰਖਾਂ ਦੇ ਬੁੱਤਾਂ ਨੂੰ ਵੀ ਕਵਰ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਮੂਰਤੀਆਂ ਦੇ ਆਲੇ-ਦੁਆਲੇ ਬਿਹਤਰ ਰੋਸ਼ਨੀ ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਹਾਂਪੁਰਖਾਂ ਦੇ ਬੁੱਤਾਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਬਣਾਈ ਕਮੇਟੀ
ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ 6 ਮੈਂਬਰੀ ਕਮੇਟੀ ਬਣਾਈ ਗਈ ਸੀ। ਵਫ਼ਦ ਵਿੱਚ ਸ਼ਾਮਲ ਆਗੂ ਇਸ ਘਟਨਾ ਦੀ ਜਾਂਚ ਕਰਨਗੇ ਤੇ ਆਪਣੀ ਰਿਪੋਰਟ ਭਾਜਪਾ ਲੀਡਰਸ਼ਿਪ ਨੂੰ ਸੌਂਪਣਗੇ।
ਵਫ਼ਦ ਵਿੱਚ ਸ਼ਾਮਲ ਭਾਜਪਾ ਆਗੂ
ਬ੍ਰਿਜ ਪਾਲ - ਰਾਜ ਸਭਾ ਮੈਂਬਰ ਅਤੇ ਸਾਬਕਾ ਡੀਜੀਪੀ, ਉੱਤਰ ਪ੍ਰਦੇਸ਼
ਲਾਲ ਸਿੰਘ ਆਰੀਆ- ਰਾਸ਼ਟਰੀ ਪ੍ਰਧਾਨ, ਅਨੁਸੂਚਿਤ ਜਾਤੀ ਮੋਰਚਾ
ਸੋਮ ਪ੍ਰਕਾਸ਼ - ਸਾਬਕਾ ਕੇਂਦਰੀ ਮੰਤਰੀ
ਗੁਰੂ ਪ੍ਰਕਾਸ਼ ਪਾਸਵਾਨ - ਰਾਸ਼ਟਰੀ ਬੁਲਾਰੇ
ਅਸੀਮ ਅਰੁਣ - ਮੰਤਰੀ, ਉੱਤਰ ਪ੍ਰਦੇਸ਼ ਸਰਕਾਰ
ਬੰਤੋ ਦੇਵੀ ਕਟਾਰੀਆ - ਅੰਬਾਲਾ