Punjab News:  ਅੰਮ੍ਰਿਤਸਰ ਦੇ ਮਜੀਠਾ 'ਚ ਬੁੱਧਵਾਰ ਰਾਤ 10.05 ਵਜੇ ਪੁਲਿਸ ਸਟੇਸ਼ਨ ਦੇ ਅੰਦਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਧਮਾਕਾ ਥਾਣੇ ਦੇ ਗੇਟ ਨੇੜੇ ਖੁੱਲ੍ਹੀ ਥਾਂ 'ਤੇ ਹੋਇਆ। ਧਮਾਕੇ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ।


ਸ਼ੁਰੂਆਤੀ ਜਾਣਕਾਰੀ ਮੁਤਾਬਕ ਥਾਣੇ ਦੇ ਅੰਦਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਜਦੋਂ ਮਜੀਠਾ ਦੇ ਡੀਐਸਪੀ ਨੂੰ ਪੁੱਛਿਆ ਗਿਆ ਤਾਂ ਉਹ ਟਾਲ ਮਟੋਲ ਕਰਦੇ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦਾ ਟਾਇਰ ਫਟ ਗਿਆ। 


ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ,ਕਾਨੂੰਨ ਅਵਸਥਾ ਦਾ ਬੁਰਾ ਹਾਲ, ਮਜੀਠੇ ਥਾਣੇ ਹੋਇਆ ਬਲਾਸਟ, ਪੁਲਿਸ ਦਾ ਅਮ੍ਰਿੰਤਸਰ 'ਪਰਦਾ ਪਾਉਣ ਦਾ ਕੰਮ ਜਾਰੀ। Police Mislead ਕਰਨਾ ਬੰਦ  ਕਰੇ।  ਥਾਣੇ 'ਚ ਕੀ ਸੀ ਜੋ ਬਲਾਸਟ ਹੋ ਗਿਆ ?  ਪ੍ਰੈੱਸ ਨੂੰ ਅੰਦਰ ਕਿੳ ਨੀ ਜਾਣ ਦਿੱਤਾ ? 






ਮਜੀਠੀਆ ਨੇ ਕਿਹਾ ਕਿ ਆਹ ਵੀਡਿੳ 'ਚ ਮੀਡਿਆ ਸਾਹਮਣੇ DSP ਦਾ ਗੋਲ ਮੋਲ ਜਵਾਬ ਹੀ ਸਭ ਸੱਚ ਦੱਸ ਰਿਹਾ।  DSP ਸਾਬ੍ਹ ਕਹਿ ਰਹੇ ਹਵਾ ਭਰਦਿਆਂ ਟਾਇਰ ਫਟ ਗਿਆ , ਦੱਸੋ ਅੰਦਰ ਕਿਹੜੀ ਟਾਇਰ ਪੈਂਚਰ ਦੀ ਦੁਕਾਨ ਆ ??  ਇਹ ਵੀ ਦੱਸੋ ਵੀ ਟਾਇਰ ਫੱਟਣ ਨਾਲ ਥਾਣੇ ਦੇ ਸ਼ੀਸੇ  ਕਿਵੇਂ ਟੁੱਟੇ



ਪੁਲਿਸ ਨੇ ਕੀ ਕੀਤਾ ਦਾਅਵਾ ?


ਡੀਐਸਪੀ ਜਸਪਾਲ ਸਿੰਘ ਨੇ ਧਮਾਕੇ ਦਾ ਕਾਰਨ ਜਾਣਨ ਲਈ ਆਏ ਪੱਤਰਕਾਰਾਂ ਨੂੰ ਕਿਹਾ ਕਿ ਤੁਹਾਨੂੰ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਥਾਣੇ ਵਿੱਚ ਕੋਈ ਗਰਨੇਡ ਨਹੀਂ ਫਟਿਆ। ਇੱਥੇ ਟਾਇਰ ਫਟ ਗਿਆ, ਇਹੀ ਆਵਾਜ਼ ਸੀ। ਉਨ੍ਹਾਂ ਦੱਸਿਆ ਕਿ ਸਾਡਾ ਮੁਲਾਜ਼ਮ ਬਾਈਕ 'ਚ ਹਵਾ ਭਰ ਰਿਹਾ ਸੀ।  ਥਾਣੇ ਨੂੰ ਤਾਲਾ ਲਾਉਣ ਬਾਰੇ ਡੀਐਸਪੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਰਾਤ ਸਮੇਂ ਥਾਣੇ ਨੂੰ ਤਾਲਾ ਲਾਇਆ ਗਿਆ ਹੈ। ਜਦੋਂ ਪੱਤਰਕਾਰਾਂ ਨੇ ਧਮਾਕੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਦੀ ਗੱਲ ਕੀਤੀ ਅਤੇ ਥਾਣੇ ਅੰਦਰ ਜਾਣ ਦੀ ਇਜਾਜ਼ਤ ਮੰਗੀ ਤਾਂ ਡੀਐਸਪੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।