ਅੰਮ੍ਰਿਤਸਰ 'ਚ 15 ਜੁਲਾਈ ਨੂੰ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਜਿੱਥੇ ਸਾਲੇ ਨੇ ਆਪਣੇ ਜੀਜਾ ਨੂੰ ਭਰੇ ਬਾਜ਼ਾਰ ਵਿਚ ਬੇਰਹਿਮੀ ਨਾਲ ਕੁੱਟਿਆ। ਉਸ ਨੂੰ ਬਚਾਉਣ ਲਈ ਲੋਕ ਇਕੱਠੇ ਹੋ ਗਏ ਅਤੇ ਪੀੜਤ ਦੀ ਜਾਨ ਬਚਾਈ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਪੀੜਤ ਵਿਅਕਤੀ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਕਿ ਸਲਤਨਤ ਵਿੰਡ ਰੋਡ ਦਾ ਰਹਿਣ ਵਾਲਾ ਹੈ। ਗੁਰਮੀਤ ਸਿੰਘ ਸਵੇਰੇ ਆਪਣੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਇਕ ਜਿੰਮ 'ਚ ਕਸਰਤ ਕਰਕੇ ਨਿਕਲਿਆ ਸੀ, ਜਦੋਂ ਕੁਝ ਲੋਕ ਜੋ ਪਹਿਲਾਂ ਤੋਂ ਘਾਤ ਲਾਏ ਹੋਏ ਸਨ, ਉਸ 'ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ।
ਆਰੋਪੀਆਂ ਨੇ ਗੁਰਮੀਤ ਸਿੰਘ 'ਤੇ ਬੇਸਬਾਲ ਬੈਟ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਰਾਹ ਵਿਚ ਹੀ ਉਸ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਜਿੰਮ ਦੇ ਸਟਾਫ ਨੇ ਵਿਚਕਾਰ ਪੈ ਕੇ ਉਸ ਨੂੰ ਛੁਡਵਾਇਆ। ਇਸ ਦੇ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ 'ਤੇ ਹਮਲਾ ਕਰਨ ਵਾਲੇ ਉਸ ਦੀ ਪਤਨੀ ਦੇ ਭਰਾ ਹਨ, ਜੋ ਰਿਸ਼ਤੇ ਵਿੱਚ ਉਸ ਦੇ ਸਾਲੇ ਅਤੇ ਸਾਲੇ ਦੇ ਪੁੱਤਰ ਹਨ। ਨਾਲ ਹੀ ਕੁਝ ਹੋਰ ਅਣਜਾਣ ਲੋਕ ਵੀ ਸਨ। ਉਸ ਨੇ ਦੱਸਿਆ ਕਿ ਉਹਨਾਂ ਨਾਲ ਮਿਲ ਕੇ ਇੱਕ ਸਾਂਝਾ ਕੈਟਰਿੰਗ ਬਿਜ਼ਨਸ ਸੀ, ਪਰ ਕੁਝ ਸਾਲ ਪਹਿਲਾਂ ਉਸ ਨੇ ਉਹ ਕੰਮ ਵੱਖ ਕਰ ਲਿਆ ਸੀ ਅਤੇ ਹੁਣ ਉਹ ਚੰਗੀ ਤਰ੍ਹਾਂ ਤਰੱਕੀ ਕਰ ਰਿਹਾ ਹੈ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਦੇ ਸਾਲੇ ਉਸ ਨਾਲ ਰੰਜਿਸ਼ ਰੱਖਦੇ ਸਨ।
ਆਰੋਪੀਆਂ ਨੇ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕੁੱਟਮਾਰ ਕਰਦੇ ਸਮੇਂ ਕਹਿ ਰਹੇ ਸਨ ਕਿ “ਇਸ ਨੂੰ ਚੱਕ ਕੇ ਨਹਿਰ ਵਿੱਚ ਸੁੱਟ ਦੇਵਾਂਗੇ”, ਪਰ ਲੋਕਾਂ ਦੇ ਇਕੱਠੇ ਹੋਣ ਕਾਰਨ ਉਹ ਡਰ ਗਏ ਤੇ ਉੱਥੋਂ ਭੱਜ ਗਏ। ਇਸ ਮਾਮਲੇ ਵਿੱਚ ਥਾਣਾ ਸਲਤਨਤ ਵਿੰਡ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮੁਤਾਬਕ ਸ਼ਿਕਾਇਤ ਲੈ ਲਈ ਗਈ ਹੈ ਅਤੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।