Punjab News: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਸੀਮਾ ਸੁਰੱਖਿਆ ਬਲ (BSF) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 


ਅਧਿਕਾਰੀ ਨੇ ਦੱਸਿਆ ਕਿ ਖਾਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਰਨਤਾਰਨ ਦੇ ਪਿੰਡ ਦਲੀਰੀ ਦੇ ਬਾਹਰਵਾਰ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਖੇਤ ਵਿੱਚੋਂ ਇੱਕ ਕਵਾਡਕਾਪਟਰ (ਡਰੋਨ) ਅਤੇ 3.213 ਕਿਲੋਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਹੋਇਆ।


2 ਅਕਤੂਬਰ ਨੂੰ ਵੀ ਮਿਲਿਆ ਸੀ ਡਰੋਨ 


ਦੱਸ ਦੇਈਏ ਕਿ ਇਸ ਮਹੀਨੇ 2 ਅਕਤੂਬਰ ਨੂੰ ਵੀ ਸੀਮਾ ਸੁਰੱਖਿਆ ਬਲ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਡਰੋਨ ਮਿਲਿਆ ਸੀ। ਜੋ ਕਿ ਚੀਨ ਦਾ ਬਣਿਆ ਡਰੋਨ ਸੀ। ਫੌਜ ਦੇ ਜਵਾਨਾਂ ਨੇ ਪਿੰਡ ਕਲਸੀਆਂ ਖੁਰਦ ਨੇੜੇ ਤੋਂ ਡਰੋਨ ਬਰਾਮਦ ਕੀਤਾ ਸੀ। ਡਰੋਨ ਦੇ ਨਾਲ ਹੀ ਪੌਲੀਥੀਨ ਵਿੱਚ ਲਪੇਟਿਆ ਇੱਕ ਵੱਡਾ ਪੈਕੇਟ ਵੀ ਝੋਨੇ ਦੇ ਖੇਤ ਵਿੱਚੋਂ ਮਿਲਿਆ ਹੈ ਜਿਸ ਵਿੱਚੋਂ ਬਰਾਮਦ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 2.7 ਕਿਲੋਗ੍ਰਾਮ ਸੀ।


ਡਰੋਨ ਰਾਹੀਂ ਨਸ਼ਾ ਤਸਕਰੀ 'ਤੇ ਵੀ ਰਾਜਪਾਲ ਦਾ ਬਿਆਨ 


ਪਾਕਿਸਤਾਨ ਵੱਲੋਂ ਪੰਜਾਬ ਵਿੱਚ ਡਰੋਨ ਭੇਜਣ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ। ਪਾਕਿਸਤਾਨ ਤੋਂ ਲਗਾਤਾਰ ਡਰੋਨ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਸ ਬਾਰੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਮਜ਼ਬੂਤ ​​ਤਾਲਮੇਲ ਕਾਰਨ ਨਸ਼ਿਆਂ ਦੀ ਬਰਾਮਦਗੀ ਵਿੱਚ 50 ਫੀਸਦੀ ਦਾ ਵਾਧਾ ਹੋਇਆ ਹੈ। 


ਸੂਬੇ ਭਰ ਵਿੱਚ ਕਮੇਟੀਆਂ ਬਣਾਉਣ ਦੇ ਆਦੇਸ਼


ਡਰੋਨਾਂ ਰਾਹੀਂ ਤਸਕਰੀ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਜਿੱਠਣ ਲਈ ਸਰਹੱਦ 'ਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ ਨੇੜੇ ਪੰਜਾਬ ਦੇ 15 ਕਿਲੋਮੀਟਰ ਦੇ ਦਾਇਰੇ ਵਿੱਚ ਬਣੀਆਂ ਪੇਂਡੂ ਸੁਰੱਖਿਆ ਕਮੇਟੀਆਂ ਵਧੀਆ ਕੰਮ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਮੁੱਖ ਸਕੱਤਰ ਪੰਜਾਬ ਵੱਲੋਂ ਪੂਰੇ ਸੂਬੇ ਵਿੱਚ ਅਜਿਹੀਆਂ ਸੁਰੱਖਿਆ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।