Amritsar News: ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਮਗਰੋਂ ਮਾਹੌਲ ਗਰਮਾ ਗਿਆ ਹੈ। ਇਸ ਮੌਕੇ ਭਾਜਪਾ ਲੀਡਰ ਵੱਲੋਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨ ਤੋਂ ਬਾਅਦ ਇਸ ਨੇ ਬਲਦੀ ਵਿੱਚ ਅੱਗ ਪਾਉਣ ਵਾਲਾ ਕੰਮ ਕੀਤਾ ਹੈ। ਇਸ ਉੱਤੇ ਹੁਣ ਸਖ਼ਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ।


ਕਿਉਂ ਸ਼ੁਰੂ ਹੋਇਆ ਇਹ ਸਾਰਾ ਵਿਵਾਦ ?


ਦੱਸ ਦਈਏ ਕਿ ਵਿਜੇ ਸਾਂਪਲਾ ਨੇ ਕਿਹਾ ਕਿ ਡਾ. ਅੰਬੇਦਕਰ ਜੀ ਦੀ ਮੂਰਤੀ ਦਾ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਕੀਤਾ ਅਪਮਾਨ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਹ ਘਟਨਾ ਦਰਬਾਰ ਸਾਹਿਬ ਦੇ ਗਲਿਆਰੇ ’ਚ ਵਾਪਰੀ ਸੀ, ਇਸ ਲਈ ਇਸ ਮੁੱਦੇ 'ਤੇ SGPC ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਹਾਲਾਂਕ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕੀਤਾ ਇਹ ਟਵੀਟ ਡਿਲੀਟ ਕਰ ਦਿੱਤਾ ਹੈ ਤੇ ਹੁਣ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਗਿਆ ਹੈ।






ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ ?


ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਜਵਾਬ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾ. ਬੀ ਆਰ ਅੰਬੇਦਕਰ  ਦੇ ਬੁੱਤ ਨਾਲ ਭੰਨਤੋੜ ਬੇਹੱਦ ਮੰਦਭਾਗੀ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਅੰਦਰ ਚੱਲ ਲਈ ਪਿਛਲੇ ਕਈ ਸਾਲਾਂ ਤੋਂ ਘੱਟ ਗਿਣਤੀ ਤੇ ਦੱਬੇ ਕੁਚਲੇ ਲੋਕਾਂ ਖ਼ਿਲਾਫ਼ ਫੈਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ। ਇਹ ਵੀ ਮੰਦਭਾਗਾ ਹੈ ਕਿ ਕਿਸੇ ਨੇਤਾ ਨੇ ਗ਼ਲਤ ਰੰਗਤ ਦਿੰਦਿਆ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਚ ਹੋਈ ਘਟਨਾ ਦੱਸਿਆ ਹੈ ਜੋ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਦਾ ਸਬੱਬ ਬਨਾਉਣ ਦਾ ਯਤਨ ਹੈ। 



ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਬੁੱਤ ਦੀ ਭੰਨਤੋੜ ਕੀਤੀ ਹੈ ਇਹ ਸ਼ਰਮਨਾਕ ਹੈ ਪਰ ਇਸ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਜੋੜਿਆ ਨਾਲ ਉਸ ਤੋਂ ਮੰਦਭਾਗਾ ਹੈ। ਇਹ ਘਟਨਾ ਸ਼ਹਿਰ ਵਿੱਚ ਹੋਈ ਹੈ ਤਾਂ ਇਸ ਨੂੰ ਕਿਉਂ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਬਿਆਨ ਸਿੱਖ ਸੰਸਥਾਵਾਂ ਤੇ ਸਿੱਖਾਂ ਦੇ ਪ੍ਰਤੀ ਨਫਰਤ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਾ ਸੂਬੇ ਅੰਦਰ ਹਾਲਾਤ ਖ਼ਰਾਬ ਕਰਵਾਉਣ ਲਈ ਕਰਾਇਆ ਗਿਆ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਲੋਕਾਂ ਨੂੰ ਫੜ੍ਹਕੇ ਇਸ ਦੇ ਪਿੱਛੇ ਸਾਜ਼ਿਸ਼ ਘਾੜਿਆਂ ਨੂੰ ਬੇਨਕਾਬ ਕਰੇ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ ?


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੂੰ ਇਸਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।






ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਤਾਇਆ ਇਤਰਾਜ਼


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਕਥਿਤ ਛੇੜਛਾੜ  ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਦੱਸਿਆ ਹੈ। ਕਮੇਟੀ ਨੇ ਸਾਬਕਾ ਸਾਂਸਦ ਵਿਜੇ ਸਾਂਪਲਾ ਵਲੋਂ ਕੀਤੇ ਦਾਅਵੇ ਨੂੰ ਵੀ ਨਕਾਰਦੇ ਹੋਏ ਇਹ ਪ੍ਰਤੀਕਰਮ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਇਹ ਬੁੱਤ ਪਾਰਟੀਸ਼ੀਸ਼ਨ ਮਿਊਜ਼ਿਅਮ ਅਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹਰ ਤਰ੍ਹਾਂ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ। 






ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਡਾ. ਅੰਬੇਡਕਰ ਜੀ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੀ ਹੈ। ਪਰੰਤੂ ਵਿਜੇ ਸਾਂਪਲਾ ਵੱਲੋਂ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤ ਅਤੇ ਲੋਕਾਂ ਵਿੱਚ ਭੁਲੇਖਾ ਪੈਦਾ ਕਰਨ ਦੀ ਹਰਕਤ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਅਜਿਹੀ ਮਨਘੜਤ ਬਿਆਨਬਾਜ਼ੀ ਅਤੇ ਇਲਜ਼ਾਮਬਾਜ਼ੀ ਠੀਕ ਨਹੀਂ ਹੈ ਇਸ ਲਈ ਸਾਂਪਲਾ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਸੰਗਤ ਅੰਦਰ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਬਣਿਆ ਰਹਿਣਾ ਠੀਕ ਨਹੀਂ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਸਪਸ਼ਟੀਕਰਨ ਦੀ ਗੱਲ ਕਰਨੀ ਵੀ ਉਚਿਤ ਨਹੀਂ ਹੈ।



ਇਸ ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ੍ਰੀ ਅੰਮ੍ਰਿਤਸਰ ਵਿੱਚ ਡਾ ਬੀ ਆਰ ਅੰਬੇਡਕਰ ਜੀ ਦਾ ਬੁੱਤ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਾਬਕਾ ਸਾਂਸਦ  ਵਿਜੇ ਸਾਂਪਲਾ ਵੱਲੋਂ ਕੀਤੀ ਗਈ ਗਲਤ ਬਿਆਨਬਾਜ਼ੀ ਕਿ ਬੁੱਤ ਨਾਲ ਛੇੜਛਾੜ ਦੀ ਹਰਕਤ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਹੋਈ।