Covered conversion of Sikh girl - ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਸਿੱਖ ਅਤੇ ਹਿੰਦੂਆਂ ਦੀਆਂ ਲੜਕੀਆਂ ਨਾਲ ਲਗਾਤਾਰ ਤਸ਼ੱਦਦ ਹੁੰਦਾ ਆ ਰਿਹਾ ਹੈ ਤਾਂ ਅਜਿਹੀ ਹੀ ਇੱਕ ਘਟਨਾ ਪੰਜਾਬ ਵਿੱਚ ਵੀ ਵਾਪਰੀ ਹੈ। ਜਿੱਥੇ ਇੱਕ ਸਿੱਖ ਲੜਕੀ ਦੇ ਵਿਆਹ ਤੋਂ ਦੂਜੇ ਦਿਨ ਹੀ ਸਹੁਰਾ ਪਰਿਵਾਰ ਨੇ ਉਸ ਨਾਲ ਤਸ਼ੱਦਦ ਢਾਹ ਦਿੱਤਾ। 


ਇਹ ਘਟਨਾ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਮਿਰਜ਼ਾਜਾਨ ਦੀ ਹੈ। ਜਿੱਥੇ ਦੀ ਸਿੱਖ ਧਰਮ ਨਾਲ ਸਬੰਧਤ ਇਕ ਲੜਕੀ ਦਾ ਵਿਆਹ ਦੇ ਦੂਜੇ ਹੀ ਦਿਨ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਚਰਚ ਲਿਜਾ ਕੇ ਨਾ ਸਿਰਫ਼ ਉਸਦਾ ਦੁਬਾਰਾ ਵਿਆਹ ਕਰਵਾਇਆ, ਬਲਕਿ ਉਸਦਾ ਧਰਮ ਪਰਿਵਰਤਨ ਵੀ ਕਰਵਾ ਦਿੱਤਾ।


 ਵਿਆਹੁਤਾ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਪਤੀ ਸਮੇਤ ਸਹੁਰਾ ਪਰਿਵਾਰ ਨੇ ਉਸ ਨੂੰ ਪੇਕਿਆਂ ਤੋਂ ਦਾਜ ਲੈ ਕੇ ਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਹੀ ਨਹੀਂ, ਮੰਗ ਨਾ ਪੂਰੀ ਹੋਣ 'ਤੇ ਉਸ ਨੂੰ ਘਰੋਂ ਕੱਢ ਦਿੱਤਾ। ਪੀੜਤਾ ਨੇ ਇਸ ਤੋਂ ਬਾਅਦ ਜਦੋਂ ਸਹੁਰਿਆਂ ਵੱਲੋਂ ਜ਼ਬਰਦਸਤੀ ਧਰਮ ਪਰਿਵਰਤਨ ਤੇ ਦਾਜ ਲਈ ਤੰਗ ਕਰਨ ਸਬੰਧੀ ਪੇਕਿਆਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ। 


ਪੁਲਿਸ ਨੇ ਇਸ ਮਾਮਲੇ 'ਚ ਕਰੀਬ ਡੇਢ ਸਾਲ ਬਾਅਦ ਲੰਬੀ ਜਾਂਚ ਤੋਂ ਬਾਅਦ ਪਤੀ ਸਮੇਤ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਗੋਰਖ ਨਾਥ ਨਿਵਾਸੀ ਪਿੰਡ ਮਿਰਜ਼ਾਜਾਨ ਨੇ ਦੱਸਿਆ ਕਿ ਉਹ ਸਿੱਖ ਧਰਮ ਨਾਲ ਸਬੰਧਤ ਹਨ ਤੇ ਨਿਰੰਕਾਰੀ ਮਿਸ਼ਨ ਨਾਲ ਜੁੜੇ ਹਨ। ਉਨ੍ਹਾਂ ਦੀ ਬੇਟੀ ਬਲਜੀਤ ਰਾਣੀ ਦਾ ਵਿਆਹ ਜੁਗੇਸ਼ ਕੁਮਾਰ ਨਿਵਾਸੀ ਗਾਂਧੀ ਕੈਂਪ ਬਟਾਲਾ ਨਾਲ 22 ਫਰਵਰੀ 2022 ਨੂੰ ਸਿੱਖ ਧਰਮ ਦੇ ਰੀਤ ਰਿਵਾਜ਼ਾਂ ਮੁਤਾਬਕ ਹੋਇਆ ਸੀ।


 ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਦੇ ਅਗਲੇ ਹੀ ਦਿਨ ਬਲਜੀਤ ਰਾਣੀ ਦਾ ਪਤੀ ਜੁਗੇਸ਼, ਸਹੁਰਾ ਭਜਨ ਲਾਲ, ਸੱਸ ਦਰਸ਼ਨਾ, ਨਣਾਨ ਰਾਧਾ ਤੇ ਮੀਨਾਕਸ਼ੀ ਉਸ ਨੂੰ ਟਾਂਡਾ ਵਿਖੇ ਇਕ ਚਰਚ 'ਚ ਲਿਜਾ ਕੇ ਪਤੀ ਨਾਲ ਹੀ ਉਸਦਾ ਮੁੜ ਤੋਂ ਵਿਆਹ ਕਰਵਾਇਆ ਤੇ ਜ਼ਬਰਦਸਤੀ ਧਰਮ ਪਰਿਵਰਤਨ ਵੀ ਕਰਵਾ ਦਿੱਤਾ। 


ਇਹੀ ਨਹੀਂ, ਸਹੁਰਾ ਪਰਿਵਾਰ ਨੇ ਬਲਜੀਤ ਰਾਣੀ ਨੂੰ ਪੇਕਿਆਂ ਤੋਂ ਕਾਰ ਲੈ ਕੇ ਆਉਣ ਦੀ ਮੰਗ ਕਰਨ ਲੱਗੇ। ਕਾਫ਼ੀ ਦਿਨਾਂ ਤਕ ਬਲਜੀਤ ਰਾਣੀ ਸਹੁਰਿਆਂ ਨੂੰ ਟਾਲਦੀ ਰਹੀ, ਪਰ ਉਸਦੇ ਸਬਰ ਦਾ ਬੰਨ੍ਹ ਉਸ ਵੇਲੇ ਟੁੱਟ ਗਿਆ ਜਦੋਂ - ਪਤੀ ਜੁਗੇਸ਼ ਸਮੇਤ ਹੋਰਨਾਂ ਮੁਲਜ਼ਮਾਂ ਨੇ ਉਸ ਨਾਲ ਦਾਜ ਖ਼ਾਤਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਘਰੋਂ ਕੱਢ ਦਿੱਤਾ।