ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸੇ ਅਤੇ ਉਸ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਸੁਰੱਖਿਆ ਜਾਂਚਾਂ ਦਾ ਪ੍ਰਭਾਵ ਅੰਮ੍ਰਿਤਸਰ ਹਵਾਈ ਅੱਡੇ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ, ਬੁੱਧਵਾਰ ਨੂੰ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਜਦੋਂ ਕਿ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ।

ਲਗਾਤਾਰ ਰੱਦ ਹੋ ਰਹੀਆਂ ਨੇ ਉਡਾਣਾਂ

ਜਾਣਕਾਰੀ ਅਨੁਸਾਰ, ਲੰਡਨ ਤੋਂ ਅੰਮ੍ਰਿਤਸਰ ਜਾਣ ਵਾਲੀ ਉਡਾਣ AI170 ਵੀ ਰੱਦ ਕਰ ਦਿੱਤੀ ਗਈ ਹੈ। ਇਹ ਉਡਾਣ 18 ਜੂਨ ਨੂੰ ਸਵੇਰੇ 10:30 ਵਜੇ ਉਤਰਨੀ ਸੀ ਪਰ ਜਹਾਜ਼ ਉਪਲਬਧ ਨਾ ਹੋਣ ਕਾਰਨ ਇਸਨੂੰ ਰੱਦ ਕਰਨਾ ਪਿਆ। ਜਾਣਕਾਰੀ ਅਨੁਸਾਰ, ਏਅਰ ਇੰਡੀਆ ਦੀਆਂ ਉਡਾਣਾਂ ਦੀ ਚੱਲ ਰਹੀ ਜਾਂਚ ਕਾਰਨ AI170 ਉਪਲਬਧ ਨਹੀਂ ਸੀ। ਦੂਜੇ ਪਾਸੇ, ਕੱਲ੍ਹ AI117 ਉਡਾਣ, ਜੋ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਸੀ, ਨੂੰ ਜਾਂਚ ਕਾਰਨ ਰੱਦ ਕਰ ਦਿੱਤਾ ਗਿਆ।

ਅਹਿਮਦਾਬਾਦ ਤੋਂ ਵੀ ਰੱਦ ਕੀਤੀ ਉਡਾਣ

ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI-159 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਰੱਦ ਕੀਤੀ ਗਈ ਫਲਾਈਟ ਨੇ ਲੰਡਨ ਲਈ 1:10 ਵਜੇ ਉਡਾਣ ਭਰਨੀ ਸੀ, ਪਰ ਕਿਸੇ ਤਕਨੀਕੀ ਸਮੱਸਿਆ ਕਾਰਨ ਇਸਨੂੰ ਰੱਦ ਕਰਨਾ ਪਿਆ। ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹੁਣ ਤੱਕ ਏਅਰ ਇੰਡੀਆ ਵੱਲੋਂ ਕਿਸੇ ਹੋਰ ਫਲਾਈਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਲੋਕ ਹਵਾਈ ਅੱਡੇ 'ਤੇ ਫਲਾਈਟ ਦੀ ਉਡੀਕ ਕਰ ਰਹੇ ਹਨ।

ਭੁੱਲੇ ਤਾਂ ਨਹੀਂ ਹੋਵੋਗੇ ਪਰ ਦੱਸ ਦਈਏ ਕਿ 12 ਜੂਨ ਨੂੰ, ਏਅਰ ਇੰਡੀਆ ਦੀ ਇੱਕ ਉਡਾਣ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਗੈਟਵਿਕ ਲਈ ਉਡਾਣ ਭਰੀ, ਜੋ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਇਸ ਘਾਤਕ ਜਹਾਜ਼ ਹਾਦਸੇ ਵਿੱਚ, ਜਹਾਜ਼ ਵਿੱਚ ਬੈਠੇ 242 ਲੋਕਾਂ ਵਿੱਚੋਂ 241 ਦੀ ਮੌਤ ਹੋ ਗਈ। ਸਿਰਫ਼ ਇੱਕ ਵਿਅਕਤੀ ਬਚਿਆ ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾਗ੍ਰਸਤ ਜਹਾਜ਼ ਬੋਇੰਗ ਦਾ 787 ਡ੍ਰੀਮਲਾਈਨਰ ਸੀ ਜੋ ਅੰਤਰਰਾਸ਼ਟਰੀ ਰੂਟਾਂ 'ਤੇ ਵਰਤਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਰੱਦ ਕੀਤੀ ਗਈ ਏਅਰ ਇੰਡੀਆ ਦੀ ਉਡਾਣ ਵੀ ਇੱਕ ਬੋਇੰਗ ਜਹਾਜ਼ ਹੈ।