Punjab News : ਪੰਜਾਬ ਵਿੱਚ ਵੱਧ ਰਹੇ ਗੈਂਗਸਟਰ ਕਲਚਰ ਅਤੇ ਨਜਾਇਜ਼ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਯੁਵਾ ਮੋਰਚਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਨੇ ਕਿਹਾ ਕਿ ਤਰਨਤਾਰਨ 'ਚ ਰੈਡੀਮੇਡ ਕੱਪੜਿਆਂ ਦੇ ਵਪਾਰੀ ਗੁਰਜੰਟ ਸਿੰਘ ਦੀ ਉਸਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਕੀਤੀ ਗਈ ਹੱਤਿਆ ਪੰਜਾਬ 'ਚ ਭਗਵੰਤ ਮਾਨ ਸਰਕਾਰ ਵੱਲੋਂ ਫੈਲਾਈ ਗਈ ਅਰਾਜਕਤਾ ਦਾ ਪ੍ਰਤੱਖ ਸਬੂਤ ਹੈ।
ਗੌਤਮ ਅਰੋੜਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਹੈ। ਸੂਬੇ ਵਿੱਚ ਅਪਰਾਧੀਆਂ ਵੱਲੋਂ ਖਿਡਾਰੀਆਂ ਦੀ ਹੱਤਿਆ, ਵਪਾਰੀਆਂ ਤੋਂ ਫਿਰੌਤੀ ਮੰਗਣ, ਡਕੈਤੀ, ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਕੋਲ ਸੂਬੇ ਦਾ ਗ੍ਰਹਿ ਵਿਭਾਗ ਹੈ ਅਤੇ ਭਗਵੰਤ ਮਾਨ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਅਜਿਹੇ 'ਚ ਅਪਰਾਧੀਆਂ ਦੇ ਹੌਸਲੇ ਵਧ ਗਏ ਹਨ। ਜੇਲ੍ਹਾਂ ਵਿੱਚ ਬੰਦ ਨਸ਼ਾ ਤਸਕਰ ਜੇਲ੍ਹ ਦੇ ਅੰਦਰ ਬੈਠ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ। ਪੰਜਾਬ ਸਰਕਾਰ ਸੂਬੇ ਵਿੱਚ ਵੱਧ ਰਹੇ ਨਸ਼ਿਆਂ ਦੇ ਵਹਾਅ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋਈ ਹੈ। ਹਰ ਰੋਜ਼ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ। ਸੋਸ਼ਲ ਮੀਡੀਆ ਅਤੇ ਮੀਡੀਆ 'ਤੇ ਨੌਜਵਾਨ ਲੜਕੀਆਂ ਦੀ ਨਸ਼ੇ 'ਚ ਟੱਲੀ ਹੋਣ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : Tarn Taran Murder : ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਠੁੱਸ , ਗੈਂਗਸਟਰ ਸ਼ਰੇਆਮ ਮੰਗ ਰਹੇ ਫਿਰੋਤੀਆਂ : ਅਜੈਬ ਸਿੰਘ
ਗੌਤਮ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਹੈ, ਪੰਨੂ ਨੇ ਮੀਡੀਆ ਰਾਹੀਂ ਸਪੱਸ਼ਟ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਦੀ ਸਾਜ਼ਿਸ਼ ਤਹਿਤ ਪੰਨੂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ 'ਤੇ ਤੁਲੀ ਹੋਈ ਹੈ। ਭਗਵੰਤ ਮਾਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦੂਜੇ ਰਾਜਾਂ ਦੀ ਯਾਤਰਾ ਕਰਨ 'ਚ ਰੁੱਝੇ ਹੋਏ ਹਨ। ਭਗਵੰਤ ਮਾਨ ਸਟੇਜਾਂ 'ਤੇ ਨੱਚ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਿਹਾ ਹੈ। ਗੌਤਮ ਨੇ ਕਿਹਾ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕੀ ਬਣੇਗਾ, ਇਹ ਸੋਚਣ ਵਾਲੀ ਗੱਲ ਹੈ।