Hotel Ramada Encore Amritsar: ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਕਾਨੂੰਨ ਦਾ ਰਾਜ ਖਤਮ ਹੋ ਗਿਆ ਹੈ। ਪੁਲਿਸ ਆਪਣਾ ਕੰਮ ਵੀ ਕਰਨ ਲਈ ਤਿਆਰ ਨਹੀਂ। ਇਸ ਲਈ ਦੇਸ਼-ਦੁਨੀਆ ਤੋਂ ਆਉਂਦੇ ਲੋਕ ਬੇਹੱਦ ਮਾੜਾ ਪ੍ਰਭਾਵ ਲੈ ਕੇ ਜਾ ਰਹੇ ਹਨ। ਦਿੱਲੀ ਤੋਂ ਆਇਆ ਇੱਕ ਸੈਲਾਨੀ ਪਿਛਲੇ ਕਈ ਦਿਨਾਂ ਤੋਂ ਪੁਲਿਸ ਨੂੰ ਸਿਰਫ ਇੱਕ ਐਫਆਈਆਰ ਦਰਜ ਕਰਨ ਲਈ ਕਹਿ ਰਿਹਾ ਹੈ ਪਰ ਪੁਲਿਸ ਉਸ ਦੀ ਗੱਲ ਸੁਣਨ ਲਈ ਹੀ ਤਿਆਰ ਨਹੀਂ। 


 



ਦਰਅਸਲ ਸੈਲਾਨੀ ਰਾਜੇਸ਼ ਕੁਮਾਰ ਦਿੱਲੀ ਤੋਂ 15 ਅਗਸਤ ਦੀ ਪਰੇਡ ਵੇਖਣ ਅੰਮ੍ਰਿਤਸਰ ਆਇਆ ਸੀ। ਉਹ ਅੰਮ੍ਰਿਤਸਰ ਦੇ Ramada Encore by Wyndham ਵਿੱਚ ਰੁਕਿਆ ਸੀ। ਇਸ ਦੌਰਾਨ ਹੋਟਲ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਮਾਲੀ ਨੁਕਸਾਨ ਤਾਂ ਹੋਇਆ ਹੀ ਪਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ। 


ਹਾਸਲ ਜਾਣਕਾਰੀ ਮੁਤਾਬਕ ਹੋਟਲ ਦੀ 5ਵੀਂ ਮੰਜ਼ਿਲ ਉੱਤੇ ਬਿਨਾਂ ਕਿਸੇ ਨੂੰ ਅਲਰਟ ਕੀਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਵਰਤੀ ਗਈ ਅਣਗਿਹਲੀ ਕਰਕੇ 8 ਫੁੱਟ ਲੰਬਾ ਸ਼ੀਸ਼ਾ ਥੱਲੇ ਖੜ੍ਹੀ ਕਾਰ ਉੱਤੇ ਜਾ ਡਿੱਗਿਆ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।



 


ਇਸ ਮੌਕੇ ਚਲਾਕੀ ਦਿਖਾਉਂਦੇ ਹੋਏ ਹੋਟਲ ਮੈਨੇਜਮੈਂਟ ਨੇ ਕਾਰ ਦੇ ਮਾਲਕ ਦੇ ਆਉਣ ਤੋਂ ਪਹਿਲਾਂ ਹੀ ਸਫ਼ਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਾਮਲੇ ਤੋਂ ਪੱਲਾ ਝਾੜ ਲਿਆ ਜਾਵੇ। ਦੱਸ ਦਈਏ ਕਿ ਹਾਦਸੇ ਦੇ ਵੇਲੇ ਹੋਟਲ ਵਿੱਚ ਕਾਫ਼ੀ ਲੋਕ ਸਨ ਤੇ ਲੌਂਗ ਵੀਕੈਂਡ ਹੋਣ ਕਰਕੇ ਲੋਕਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਸੀ। ਖੈਰੀਅਤ ਰਹੀ ਕਿ ਉਸ ਵੇਲੇ ਕਾਰ ਵਿੱਚ ਕੋਈ ਸਵਾਰ ਨਹੀਂ ਸੀ ਤੇ ਨਾ ਹੀ ਕੋਈ ਕੋਲ ਖੜ੍ਹਾ ਸੀ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।



ਇਸ ਮਾਮਲੇ ਵਿੱਚ ਜਦੋਂ ਹੋਟਲ ਮੈਨੇਜਮੈਂਟ ਨਾਲ ਕਾਰ ਮਾਲਕ ਨੇ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਅਧਿਕਾਰਿਕ ਸਰਵਿਸ ਸੈਂਟਰ ਤੋਂ ਕਾਰ ਦੀ ਮੁਰੰਮਤ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਪੁਲਿਸ ਨਾਲ ਰਾਬਤਾ ਹੋਇਆ ਤਾਂ ਉਨ੍ਹਾਂ ਵੱਲੋਂ ਵੀ ਅਜੇ ਤੱਕ ਇਸ ਮਾਮਲੇ ਵਿੱਚ ਕੋਈ FIR ਦਰਜ ਨਹੀਂ ਕੀਤੀ ਗਈ।


ਇਸ ਮੌਕੇ ਵੱਡਾ ਸਵਾਲ ਹੈ ਇਹ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੋਟਲ ਵਾਲਿਆਂ ਨੇ ਵੀ ਆਪਣੇ ਰਸੂਖ ਦੀ ਧੌਂਸ ਦਿਖਾਉਂਦੇ ਹੋਏ ਕਾਰ ਦੀ ਮੁਰੰਮਤ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਇੱਥੇ ਸਵਾਲ ਸਿਰਫ਼ ਇੱਕ ਗੱਡੀ ਦੇ ਨੁਕਸਾਨ ਦਾ ਨਹੀਂ, ਸਵਾਲ ਇਹ ਹੈ ਕਿ ਜੇ ਹਾਦਸੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਤਾਂ ਵੀ ਪੁਲਿਸ ਪਰ੍ਹਾਂ ਮੂੰਹ ਕਰਕੇ ਲੰਘ ਜਾਂਦੀ। 


ਹੁਣ ਇਸ ਗੱਲ ਦਾ ਇੰਤਜ਼ਾਰ ਹੈ ਕਿ ਪੀੜਤ ਨੂੰ ਕਦੋਂ ਇਨਸਾਫ਼ ਮਿਲੇਗਾ ਜਾਂ ਫਿਰ ਇਹ ਮਾਮਲਾ ਵੀ ਧਨਾੜਾਂ ਦੀਆਂ ਨੋਟਾਂ ਦੀਆਂ ਗੱਡੀਆਂ ਥੱਲੇ ਦਬ ਕੇ ਮਹਿਜ਼ ਇੱਕ ਖ਼ਬਰ ਤੱਕ ਸੀਮਤ ਰਹਿ ਜਾਵੇਗਾ। ਪਤਾ ਲੱਗਾ ਹੈ ਕਿ ਇਸ ਹੋਟਲ ਨਾਲ ਸੀਨੀਅਰ ਸਿਆਸੀ ਲੀਡਰ ਦਾ ਲਿੰਕ ਹੈ। ਇਸ ਕਰਕੇ ਪੁਲਿਸ ਦੀ ਵੀ ਐਫਆਈਆਰ ਦਰਜ ਕਰਨ ਦੀ ਹਿੰਮਤ ਨਹੀਂ ਪੈ ਰਹੀ।