ਅੰਮ੍ਰਿਤਸਰ - ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਮੰਦਭਾਗੀ ਘਟਨਾ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ ਤਾਂ ਫਿਰ 2015 ’ਚ ਵਾਪਰੀ ਕੋਟਕਪੂਰਾ ਗੋਲੀ ਕਾਂਡ ਦੀ ਜ਼ਿੰਮੇਵਾਰੀ ਤਤਕਾਲੀ ਗ੍ਰਹਿ ਵਿਭਾਗ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਹੋਣ ਨਾਤੇ ਸੁਖਬੀਰ ਬਾਦਲ ’ਤੇ ਕਿਵੇਂ ਨਹੀਂ ਆਉਂਦੀ?
ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੇ ਤਾਜ਼ੇ ਬਿਆਨ ਉਨ੍ਹਾਂ ਦਾ ਕੋਟਕਪੂਰਾ ਗੋਲੀ ਕਾਂਡ ਲਈ ਨੈਤਿਕ ਕਬੂਲ ਨਾਮਾ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਇਨਸਾਫ਼ ਲੈਣ ਲਈ ਧਰਨੇ ’ਤੇ ਬੈਠੀ ਸੰਗਤ ਨਾਲ ਵਾਪਰੀ ਗੋਲੀ ਕਾਂਡ, ਜਿਸ ਵਿਚ ਦੋ ਸਿੰਘਾਂ ਨੂੰ ਜਾਨ ਗਵਾਉਣੀ ਪਈ ਦੀ ਪ੍ਰਸ਼ਾਸਕੀ, ਸਿਆਸੀ ਅਤੇ ਨੈਤਿਕ ਜ਼ਿੰਮੇਵਾਰੀ ਲੈਣ ਤੋਂ ਸੁਖਬੀਰ ਬਾਦਲ ਹਮੇਸ਼ਾਂ ਭੱਜਦੇ ਰਹੇ ਹਨ? ਬੇਸ਼ੱਕ ਉਕਤ ਗੋਲੀ ਕਾਂਡ ਲਈ ਹੋਰਨਾਂ ਤੋਂ ਇਲਾਵਾ ਸੁਖਬੀਰ ਬਾਦਲ ਖ਼ਿਲਾਫ਼ ਵੀ ਫ਼ਰੀਦਕੋਟ ਅਦਾਲਤ ’ਚ ਚਲਾਨ ਪੇਸ਼ ਹੋ ਚੁੱਕਿਆ ਹੈ ਅਤੇ ਉਹ ਜ਼ਮਾਨਤ ’ਤੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਝੜਪ ਦੌਰਾਨ ਪੁਲੀਸ ਮੁਲਾਜ਼ਮ ਜਸਪਾਲ ਸਿੰਘ ਦੀ ਹੋਈ ਮੌਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬਾਦਲ ਅਤੇ ਮਜੀਠੀਆ ਵੱਲੋਂ ਦਲ ਪੰਥ ਦੇ ਆਪਸੀ ਮਸਲਿਆਂ ਨੂੰ ਸਿਆਸੀ ਰੰਗਤ ਦੇਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਪੰਥਕ ਧਿਰਾਂ ਦੇ ਵਖਰੇਵਿਆਂ ਅਤੇ ਟਕਰਾਅ ਨੂੰ ਤੂਲ ਦੇ ਕੇ ਲੜਾਈ ਦਾ ਮੈਦਾਨ ਬਣਾਉਣ ਤੋਂ ਅਕਾਲੀ ਲੀਡਰਸ਼ਿਪ ਨੂੰ ਸੰਕੋਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਤੋਂ ਅਕਾਲੀ ਲੀਡਰਸ਼ਿਪ ਦਾ ਉਹਨਾਂ ਪੰਥਕ ਸ਼ਖ਼ਸੀਅਤਾਂ ਪ੍ਰਤੀ ਨਜ਼ਰੀਆ ਬਦਲਿਆ ਨਜ਼ਰ ਆਉਂਦਾ ਹੈ, ਜਿਨ੍ਹਾਂ ਨੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਸਮਾਜਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ ਹੋਵੇ ਜਾਂ ਫਿਰ ਜਿਨ੍ਹਾਂ ਪ੍ਰਤੀ ਉਨ੍ਹਾਂ ਨਾਲ ਦੂਰੀ ਬਣਾ ਲੈਣ ਦਾ ਅਹਿਸਾਸ ਹੋਇਆ ਹੋਵੇ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਹਰ ਮਾਮਲੇ ’ਚ ਫ਼ੇਲ੍ਹ ਹੋ ਚੁੱਕੀ ਹੈ। ਰਾਜ ਦੀ ਅਮਨ ਕਾਨੂੰਨ ਦੀ ਬਦਤਰ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਹਾਲ ਹੀ ’ਚ ਬਟਾਲਾ ਦੇ ਕੋਲ ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਲੇ ਮੁਲਾਜ਼ਮ ਦਰਸ਼ਨ ਸਿੰਘ ਦੀ ਹੱਤਿਆ ਤੋਂ ਸਾਫ਼ ਹੈ ਕਿ ਅਪਰਾਧਿਕ ਅਨਸਰਾਂ ਦੇ ਮਨਾਂ ’ਚ ਪੁਲੀਸ ਅਤੇ ਕਾਨੂੰਨ ਦਾ ਡਰ ਖ਼ਤਮ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੌਰਾਨ ਡੇਰਾਬਸੀ ਕੋਲ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ’ਤੇ ਕਿਸਾਨ ਆਗੂ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਲੋਕ ਜੰਗਲ ਰਾਜ ਦੀ ਮਾਰ ਸਹਿ ਰਹੇ ਹਨ।