Amritsar News: ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ 'ਤੇ ਇੱਕ ਵਾਰ ਫਿਰ ਖ਼ਾਲਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਗਈ। ਦਰਅਸਲ, ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਹਰਿਮੰਦਰ ਸਾਹਿਬ ਵਿੱਚ ਭੋਗ ਪਾਇਆ ਗਿਆ ਜਿਸ ਤੋਂ ਬਾਅਦ ਗਰਮ ਖਿਆਲੀ ਜਥੇਬੰਦੀ ਦਲ ਖਾਲਸਾ ਨੇ ਰਾਅ ਦੇ ਦਫਤਰ ਤੱਕ ਰੋਸ ਮਾਰਚ ਸ਼ੁਰੂ ਕਰ ਦਿੱਤਾ।


ਇਸ ਦੌਰਾਨ ਰਸਤੇ ਵਿੱਚ ਖ਼ਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਗਾਏ ਜਾ ਰਹੇ ਸਨ ਅਤੇ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਨਿੱਝਰ ਦੇ ਪੋਸਟਰ ਫੜੇ ਹੋਏ ਸਨ। ਟਾਊਨ ਹਾਲ ਨੇੜੇ ਪੁਲੀਸ ਨੇ ਨਾਕਾਬੰਦੀ ਕਰ ਦਿੱਤੀ ਅਤੇ ਪੁਲਿਸ ਵਾਹਨਾਂ ਵੱਲੋਂ ਸੜਕ ’ਤੇ ਜਾਮ ਲਾ ਦਿੱਤਾ ਗਿਆ। ਦਲ ਖਾਲਸਾ ਸਮਰਥਕਾਂ ਨੂੰ ਵਿਰਾਸਤੀ ਰਸਤੇ 'ਤੇ ਰੋਕ ਲਿਆ ਗਿਆ।ਦਲ ਖਾਲਸਾ ਸਮਰਥਕਾਂ ਨੇ ਕੁਝ ਦਿਨ ਪਹਿਲਾਂ ਨਿੱਝਰ ਦੀ ਹੱਤਿਆ ਦੇ ਵਿਰੋਧ 'ਚ ਰਾਅ ਦੇ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ।


ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦਲ ਖਾਲਸਾ ਦੇ ਸਮਰਥਕਾਂ ਨੂੰ ਸਮਝਾ ਕੇ ਮਾਰਚ ਨਾ ਕਰਨ ਦੀ ਅਪੀਲ ਕੀਤੀ ਪਰ ਸਾਰੇ ਰਾਅ ਦੇ ਦਫਤਰ ਤੱਕ ਮਾਰਚ ਕੱਢਣ ਅਤੇ ਬਾਹਰ ਧਰਨਾ ਦੇਣ ’ਤੇ ਅੜੇ ਰਹੇ। ਭੰਡਾਲ ਨੇ ਡੀਸੀ ਨੂੰ ਮੰਗ ਪੱਤਰ ਦੇਣ ਦਾ ਸੁਝਾਅ ਵੀ ਦਿੱਤਾ ਪਰ ਦਲ ਖਾਲਸਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।


ਦਲ ਖਾਲਸਾ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਡੀਸੀਪੀ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਬੱਸ ਵਿੱਚ ਬਿਠਾ ਕੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਭੰਡਾਲ ਨੇ ਕਿਹਾ ਕਿ ਫਿਲਹਾਲ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਮੰਗਾਂ ਬਾਰੇ ਪੁੱਛਿਆ ਜਾਵੇਗਾ। ਜਿਸ ਤੋਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।


ਜ਼ਿਕਰ ਕਰ ਦਈਏ ਕਿ ਦਲ ਖਾਲਸਾ ਦੇ ਅਧਿਕਾਰੀਆਂ ਨੇ ਰਾਅ 'ਤੇ ਕੈਨੇਡਾ 'ਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਹੈ। ਦਲ ਖਾਲਸਾ ਸਮਰਥਕਾਂ ਦਾ ਦੋਸ਼ ਹੈ ਕਿ  ਨਿੱਝਰ ਨੂੰ ਰਾਅ ਅਤੇ ਭਾਰਤੀ ਏਜੰਸੀਆਂ ਨੇ ਮਾਰਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।