Liquor at Airports: ਪੰਜਾਬ ਸਰਕਾਰ ਨੇ ਅੰਮ੍ਰਿਤਸਰ ਤੇ ਮੁਹਾਲੀ ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਮੁਹਾਲੀ ਹਵਾਈ ਅੱਡੇ 'ਤੇ ਸ਼ਰਾਬ ਦੀਆਂ ਦੁਕਾਨਾਂ ਲਈ ਲਾਇਸੈਂਸ ਫ਼ੀਸ 10 ਲੱਖ ਰੁਪਏ ਤੋਂ ਵਧਾ ਕੇ ਛੇ ਕਰੋੜ ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ 4 ਕਰੋੜ ਰੁਪਏ ਕਰ ਦਿੱਤੀ ਹੈ। ਇਸ ਨਾਲ ਹਵਾਈ ਅੱਡਿਆਂ ਉੱਪਰ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ।



ਉਧਰ, ਸਰਕਾਰ ਦਾ ਦਾਅਵਾ ਹੈ ਕਿ ਇਸ ਫੈ਼ਸਲੇ ਨਾਲ ਪੰਜਾਬ ਦੇ ਹਵਾਈ ਅੱਡਿਆਂ ਤੋਂ ਸਸਤੀ ਸ਼ਰਾਬ ਲੈ ਕੇ ਮਹਿੰਗੀ ਸ਼ਰਾਬ ਵਾਲੇ ਸੂਬਿਆਂ ’ਚ ਵੇਚਣ ਵਾਲਿਆਂ ਦਾ ਕੰਮ ਠੱਪ ਹੋ ਜਾਵੇਗਾ ਤੇ ਸਰਕਾਰੀ ਖ਼ਜ਼ਾਨੇ ਨੂੰ 10 ਕਰੋੜ ਦੀ ਕਮਾਈ ਵੀ ਹੋਵੇਗੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੂੰ ਸੂਹ ਮਿਲੀ ਸੀ ਕਿ ਜਿਨ੍ਹਾਂ ਸੂਬਿਆਂ ਵਿੱਚ ਸ਼ਰਾਬ ’ਤੇ ਪਾਬੰਦੀ ਹੈ ਜਾਂ ਫਿਰ ਕਈ ਬਰਾਂਡਾਂ ’ਤੇ ਆਬਕਾਰੀ ਡਿਊਟੀ ਜ਼ਿਆਦਾ ਹੈ, ਉਨ੍ਹਾਂ ਸੂਬਿਆਂ ਵਿੱਚ ਪੰਜਾਬ ਦੇ ਹਵਾਈ ਅੱਡਿਆਂ ’ਤੋਂ ਇਨ੍ਹਾਂ ਬਰਾਂਡਾਂ ਵਾਲੀ ਸਸਤੀ ਸ਼ਰਾਬ ਜਾ ਰਹੀ ਸੀ। 


ਹਾਸਲ ਜਾਣਕਾਰੀ ਮੁਤਾਬਕ ਇੱਕ ਵਿਦੇਸ਼ੀ ਸ਼ਰਾਬ ਦੀ ਬੋਤਲ ਦੀ ਕੀਮਤ ਚੰਡੀਗੜ੍ਹ ਹਵਾਈ ਅੱਡੇ ’ਤੇ 2200 ਰੁਪਏ ਹੈ, ਪਰ ਇਸੇ ਬਰਾਂਡ ਦੀ ਮੁੰਬਈ ਵਿੱਚ ਕੀਮਤ ਛੇ ਹਜ਼ਾਰ ਰੁਪਏ ਹੈ। ਇਸ ਤਰ੍ਹਾਂ ਇੱਕ ਹੋਰ ਪ੍ਰਸਿੱਧ ਬਰਾਂਡ ਦੀ ਚੰਡੀਗੜ੍ਹ ਹਵਾਈ ਅੱਡੇ ’ਤੇ ਕੀਮਤ 4300 ਰੁਪਏ ਤੇ ਚੇਨਈ ਵਿੱਚ 9500 ਰੁਪਏ ਹੈ। ਇਸ ਕਰਕੇ ਸ਼ਰਾਬ ਦੀ ਤਸਕਰੀ ਹੋ ਰਹੀ ਸੀ ਕਿਉਂਕਿ ਇੱਕ ਯਾਤਰੀ ਆਪਣੇ ਨਾਲ ਚਾਰ ਬੋਤਲਾਂ ਸ਼ਰਾਬ ਲਿਜਾ ਸਕਦਾ ਹੈ।



ਹਾਸਲ ਜਾਣਕਾਰੀ ਅਨੁਸਾਰ ਆਬਕਾਰੀ ਤੇ ਕਰ ਵਿਭਾਗ ਨੇ 5 ਮਈ ਨੂੰ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਵਿੱਚ ਸੋਧ ਕਰ ਦਿੱਤੀ ਹੈ, ਜਿਸ ਮਗਰੋਂ ਹੁਣ ਹਵਾਈ ਅੱਡਿਆਂ ’ਤੇ ਲਾਇਸੈਂਸ ਫ਼ੀਸ ਵਿੱਚ ਵਾਧਾ ਕੀਤਾ ਗਿਆ ਹੈ। ਨਵੇਂ ਫ਼ੈਸਲੇ ਅਨੁਸਾਰ ਮੁਹਾਲੀ ਹਵਾਈ ਅੱਡੇ ’ਤੇ ਅਰਾਈਵਲ ਟਰਮੀਨਲ ਵਾਲੀ ਸ਼ਰਾਬ ਦੁਕਾਨ ਦੀ ਲਾਇਸੈਂਸ ਫ਼ੀਸ ਢਾਈ ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 3.50 ਕਰੋੜ ਰੁਪਏ ਤੈਅ ਕਰ ਦਿੱਤੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਅਰਾਈਵਲ ਟਰਮੀਨਲ ਵਾਲੀ ਦੁਕਾਨ ਦੀ ਲਾਇਸੈਂਸ ਫ਼ੀਸ 1.60 ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 2.40 ਕਰੋੜ ਰੁਪਏ ਕੀਤੀ ਹੈ।


ਹੋਰ ਪੜ੍ਹੋ : Amritsar News: ਅੰਮ੍ਰਿਤਸਰ ਨੇੜੇ ਧਮਾਕਿਆਂ ਬਾਰੇ ਅਹਿਮ ਖੁਲਾਸੇ, ਜਾਣੋ ਕੌਣ ਹੈ ਮੁੱਖ ਸਾਜਿਸ਼ਘਾੜਾ ਆਜ਼ਾਦ ਬੀਰ ?